ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 1 ਮਈ
ਪਿੰਡ ਜਗਾ ਰਾਮ ਤੀਰਥ ਵਿੱਚ ਸ਼ਨਿਚਰਵਾਰ ਨੂੰ ਪਿੱਕਅੱਪ ਜੀਪ ਅਤੇ ਜੁਗਾੜੂ ਮੋਟਰਸਾਈਕਲ ਰੇਹੜੀ ਦੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਜ਼ਖ਼ਮੀ ਹੋਏ ਮਗਨਰੇਗਾ ਮਜ਼ਦੂਰਾਂ ਵਿੱਚੋਂ ਅੱਜ ਇੱਕ ਹੋਰ ਵਿਅਕਤੀ ਦੇ ਦਮ ਤੋੜਨ ਕਾਰਨ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਤਿੰਨ ਵਿਅਕਤੀ ਹਾਲੇ ਵੀ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਪਿੰਡ ਜਗਾ ਰਾਮ ਤੀਰਥ ਨਾਲ ਸਬੰਧਤ ਸੱਤ ਮਗਨਰੇਗਾ ਮਜ਼ਦੂਰ ਮੋਟਰਸਾਈਕਲ ਰੇਹੜੀ ’ਤੇ ਸਵਾਰ ਹੋ ਕੇ ਆਪਣੇ ਕੰਮ ’ਤੇ ਜਾ ਰਹੇ ਸਨ। ਇਸ ਦੌਰਾਨ ਸਰਦੂਲਗੜ੍ਹ ਰੋਡ ’ਤੇ ਉਨ੍ਹਾਂ ਦੀ ਰੇਹੜੀ ਦੀ ਪਿੱਕਅੱਪ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਬੀਤੇ ਦਿਨ ਹੀ ਮੌਤ ਹੋ ਗਈ ਸੀ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿੱਚੋਂ ਅਜੈਬ ਸਿੰਘ ਧੌਲਾ (70 ਸਾਲ) ਪੁੱਤਰ ਮੇਹਰ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੱਜ ਉਹ ਦਮ ਤੋੜ ਗਿਆ। ਪਿੰਡ ਦੇ ਚੜ੍ਹਦੀ ਕਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਅਨੁਸਾਰ ਜ਼ਖ਼ਮੀਆਂ ਵਿੱਚੋਂ ਦੋ ਜਣੇ ਬਠਿੰਡਾ ਦੇ ਹਸਪਤਾਲ ਵਿੱਚ ਅਤੇ ਇੱਕ ਜਣਾ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।