ਜਗਮੋਹਨ ਸਿੰਘ
ਘਨੌਲੀ, 16 ਮਈ
ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਮਾਰਗ ’ਤੇ ਭਰਤਗੜ੍ਹ ਨੇੜੇ ਅੱਜ ਆਪਣੇ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਕੇ ਪਰਤ ਰਹੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਰਾਹ ਵਿੱਚ ਲੂਣ ਵੇਚਣ ਵਾਲੀ ਟਰੈਕਟਰ ਟਰਾਲੀ ਖੜ੍ਹੀ ਸੀ, ਜਿਸ ਨੂੰ ਦੇਖ ਕੇ ਮਨਿੰਦਰਪਾਲ ਸਿੰਘ (30) ਪੁੱਤਰ ਮਰਹੂਮ ਅਮਰੀਕ ਸਿੰਘ ਵਾਸੀ ਦਸਮੇਸ਼ ਨਗਰ, ਖਰੜ ਆਪਣੀ ਕਾਰ ਇੱਕ ਪਾਸੇ ਖੜ੍ਹੀ ਕਰ ਕੇ ਲੂਣ ਖ਼ਰੀਦਣ ਲਈ ਉੱਤਰ ਗਿਆ। ਉਹ ਜਦੋਂ ਪਰਤ ਰਿਹਾ ਸੀ ਤਾਂ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਨਿੰਦਰਪਾਲ ਕਾਰ ਤੇ ਟਰਾਲੀ ਵਿਚਕਾਰ ਮਿੱਧਿਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਮਨਿੰਦਰਪਾਲ ਵਾਲੀ ਕਾਰ ਵਿੱਚ ਉਡੀਕ ਕਰ ਰਹੀ ਉਸ ਦੀ ਪਤਨੀ ਪੂਜਾ ਤੇ ਸਹੁਰਾ ਇਹ ਸਭ ਦੇਖ ਕੇ ਗਹਿਰੇ ਸਦਮੇ ਵਿੱਚ ਹਨ ਤੇ ਉਨ੍ਹਾਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤੀ ਗਈ ਹੈ ਤੇ ਜ਼ਖ਼ਮੀ ਕਾਰ ਚਾਲਕ ਨੂੰ ਭਰਤਗੜ੍ਹ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।