ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ), 2 ਅਕਤੂਬਰ
ਪੰਜਾਬ-ਰਾਜਸਥਾਨ ਬੈਰੀਅਰ ’ਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 48 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਲਗਾਏ ਗਏ ਧਰਨੇ ਵਿੱਚ ਸ਼ਾਮਲ ਇਕ ਕਿਸਾਨ ਦੀ ਅੱਜ ਤੜਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਛਿੰਦਾ (60) ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਦਲਮੀਰ ਖੇੜਾ ਅਬੋਹਰ ਵਜੋਂ ਹੋਈ ਹੈ। ਕਿਸਾਨੀ ਸੰਘਰਸ਼ ਨਾਲ ਜੁੜਿਆ ਸੁਖਵਿੰਦਰ ਸਿੰਘ ਦਿੱਲੀ ਮੋਰਚੇ ਵਿੱਚ ਵੀ ਹਿੱਸਾ ਲੈ ਕੇ ਆਇਆ ਸੀ। ਜ਼ਿਕਰਯੋਗ ਹੈ ਕਿ ਟੇਲਾਂ ’ਤੇ ਪੂਰਾ ਪਾਣੀ ਪਹੁੰਚਾਉਣ, ਕਿੰਨੂ ਅਤੇ ਨਰਮੇ ਦੇ ਖਰਾਬੇ ਦੀ ਗਿਰਦਾਵਰੀ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ-ਰਾਜਸਥਾਨ ਬੈਰੀਅਰ ’ਤੇ ਧਰਨਾ ਸ਼ੁਰੂ ਕੀਤਾ ਗਿਆ ਸੀ। ਸੁਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਧਰਨੇ ਵਾਲੀ ਥਾਂ ’ਤੇ ਪੁੱਜੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਧਰਨਾ ਰਾਜੇਵਾਲ ਗਰੁੱਪ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਜਿਵੇਂ ਹੀ ਕਿਸਾਨ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਲੀ ਤਾਂ ਕਿਸਾਨ ਯੂਨੀਅਨ ਕਿਰਤੀ, ਬੀਕੇਯੂ ਲੱਖੋਵਾਲ, ਬੀਕੇਯੂ ਕਾਦੀਆਂ, ਬੀਕੇਯੂ ਖੋਸਾ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਮੌਕੇ ’ਤੇ ਪਹੁੰਚ ਗਏ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਬਜੀਤਪੁਰ ਭੋਮਾ ਨੇ ਕਿਸਾਨ ਦੀ ਮੌਤ ਲਈ ਫ਼ਾਜ਼ਿਲਕਾ ਜ਼ਿਲ੍ਹੇ ਦੀ ਅਫ਼ਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਜਦ ਤਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਨਹੀਂ ਹੁੰਦਾ ਤਦ ਤਕ ਨਾ ਤਾਂ ਧਰਨਾ ਚੁੱਕਿਆ ਜਾਵੇਗਾ ਨਾ ਹੀ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ।