ਡਾ. ਹਿਮਾਂਸ਼ੂ ਸੂਦ/ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਣ ਮਗਰੋਂ ਸਰਹਿੰਦ ਵਿੱਚ ਲਗਾਏ ਗਏ ਇੱਕ ਸੁਵਿਧਾ ਕੈਂਪ ਦੌਰਾਨ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਮੰਗ ’ਤੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਲਈ 10 ਕਰੋੜ ਦਾ ਪੈਕੇਜ ਦੇਣ ਦਾ ਐਲਾਨ ਕੀਤਾ। ਉਨ੍ਹਾਂ ਫ਼ਤਹਿਗੜ੍ਹ ਸਾਹਿਬ-ਮੋਰਿੰਡਾ ਸੜਕ ਇੱਕ ਮਹੀਨੇ ਵਿੱਚ ਚੌੜੀ ਕਰਕੇ ਉਸ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਮ ’ਤੇ ਰੱਖਣ ਦਾ ਐਲਾਨ ਵੀ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੱਸ ਮਾਫ਼ੀਆ ਦੇ ਖਾਤਮੇ ਮਗਰੋਂ ਮਾਈਨਿੰਗ ਮਾਫ਼ੀਆ ਤੇ ਕੇਬਲ ਮਾਫ਼ੀਆ ਵੀ ਖ਼ਤਮ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੀ ਮਾਣਮੱਤੀ ਵਿਰਾਸਤ ਨੂੰ ਦਰਸਾਉਣ ਲਈ ਚਮਕੌਰ ਸਾਹਿਬ ਥੀਮ ਪਾਰਕ 15 ਨਵੰਬਰ ਨੂੰ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਦੀਵਾਲੀ ਮੌਕੇ ਪੰਜਾਬ ਵਾਸੀਆਂ ਲਈ ਕਿਸੇ ਵੱਡੇ ਤੋਹਫ਼ੇ ਦਾ ਐਲਾਨ ਕਰਨ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ 2 ਕਿੱਲੋਵਾਟ ਤੱਕ ਦੇ ਬਿਜਲੀ ਬਿੱਲ ਤੇ ਪਾਣੀ ਦੇ ਬਿੱਲ ਮੁਆਫ਼ ਕਰਨ ਮਗਰੋਂ ਹੁਣ ਪਿੰਡਾਂ ’ਚ ਪਾਣੀ ਦਾ ਬਿੱਲ 50 ਰੁਪਏ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕੈਂਪ ਦੌਰਾਨ ਲਾਭਪਾਤਰੀਆਂ ਨੂੰ ਸਰਟੀਫ਼ਿਕੇਟ ਵੀ ਵੰਡੇ। ਮੁੱਖ ਮੰਤਰੀ ਨੇ ਅੰਬੇਦਕਰ ਭਵਨ ਫ਼ਤਹਿਗੜ੍ਹ ਸਾਹਿਬ ਨੇੜੇ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਉਪ ਮੰਡਲ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ ਤੇ ਆਮ ਖਾਸ ਬਾਗ਼, ਸਰਹਿੰਦ ਦੀ ਪੁਰਾਤਨ ਦਿੱਖ ਕਾਇਮ ਰੱਖਦਿਆਂ ਇਸ ਦੀ ਸਾਂਭ-ਸੰਭਾਲ ਲਈ 6.50 ਕਰੋੜ ਦੇ ਪ੍ਰਾਜੈਕਟ ਦੇ ਹਿੱਸੇ ਵਜੋਂ ਸੁਰਜੀਤ ਕੀਤੇ ਗਏ ਮਹਿਤਾਬੀ ਬਾਗ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਨੇੜੇ ਬੂਟਾ ਵੀ ਲਾਇਆ।