ਅਜੇ ਮਲਹੋਤਰਾ
ਬੱਸੀ ਪਠਾਣਾ, 23 ਸਤੰਬਰ
ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਹੇਠ ਦੋ ਲੜਕੀਆਂ ਤਰਨਪ੍ਰੀਤ ਕੌਰ ਕਾਹਲੋਂ ਅਤੇ ਸਿਮਰਨ ਕੌਰ ਨੇ ਬੱਸੀ ਪਠਾਣਾਂ ਤੋਂ ਸਰਹਿੰਦ ਜੀਟੀ ਰੋਡ ਤੱਕ ਟਰੈਕਟਰ ਚਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਹਿਰ ਦੀਆਂ ਦੋਵੇਂ ਲੜਕੀਆਂ ਨੇ ਸਾਂਝੇ ਤੌਰ ’ਤੇ ਆਖਿਆ ਕਿ ਖੇਤੀ ਬਿੱਲ ਲਿਆ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਜੋ ਕਿਸਾਨਾਂ ਦੀ ਲੁੱਟ ਦੀ ਆਜ਼ਾਦੀ ਦਿੱਤੀ ਹੈ, ਉਹ ਉਸ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਏ ਤਾਂ ਉਹ ਆਪਣੇ ਪਰਿਵਾਰਾਂ ਨਾਲ ਵਿਰੋਧ ਕਰਨਗੀਆਂ।
ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਜੇਕਰ ਮੋਦੀ ਨੇ ਸਿਆਸਤ ਹੀ ਕਰਨੀ ਹੈ ਤਾਂ ਹੋਰ ਬਹੁਤ ਵਿਸ਼ੇ ਹਨ, ਪਰ ਕਿਸਾਨੀ ਨੂੰ ਤਬਾਹ ਕਰ ਕੇ ਸਿਆਸਤ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਹੋਣ ਨਹੀਂ ਦੇਵੇਗੀ।