ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 21 ਨਵੰਬਰ
ਸਿੱਖ ਇਤਿਹਾਸ ਨੂੰ ਰੂਪਮਾਨ ਕਰਦਾ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਉਦਘਾਟਨ ਤੋਂ ਤਿੰਨ ਦਿਨ ਬਾਅਦ 22 ਨਵੰਬਰ ਤੋਂ ਆਮ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਮਕੌਰ ਸਾਹਿਬ ਵਿੱਚ ਥੀਮ ਪਾਰਕ ਦਾ ਉਦਘਾਟਨ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਥੀਮ ਪਾਰਕ ਭਲਕੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ 40-40 ਦੇ ਗਰੁੱਪਾਂ ਵਿੱਚ 11 ਗੈਲਰੀਆਂ ਵਿਖਾਈਆਂ ਜਾਣਗੀਆਂ। 440 ਸੈਲਾਨੀ ਇੱਕੋ ਸਮੇਂ ਦਾਸਤਾਨ-ਏ-ਸ਼ਹਾਦਤ ਦੇ ਦਰਸ਼ਨ ਕਰ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਿਊਜ਼ੀਅਮ ਦੇ ਖੁੱਲ੍ਹਣ ਤੋਂ ਬਾਅਦ ਇਤਿਹਾਸਕ ਧਰਤੀ ਚਮਕੌਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿੱਚ ਵਾਧਾ ਹੋਵੇਗਾ ਅਤੇ ਸ਼ਹਿਰ ਦੇ ਲੋਕਾਂ ਲਈ ਵਪਾਰਕ ਵਸੀਲੇ ਵੀ ਵਧਣਗੇ।