ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਸਤੰਬਰ
ਇੱਥੇ ਸਿਟੀ ਪੁਲੀਸ ਨੇ ਅਜਿਹੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਸੰਗੀਨ ਵਾਰਦਾਤਾਂ ਕਰਨ ਮਗਰੋਂ ਜ਼ੀਰਕਪੁਰ (ਮੁਹਾਲੀ) ਦੇ ਹੋਟਲ ’ਚ ਲੁਕਦੇ ਸਨ। ਸਿਟੀ ਪੁਲੀਸ ਨੇ ਦੋ ਹੋਟਲ ਸੰਚਾਲਕਾਂ ਸਣੇ ਗਰੋਹ ਦੇ ਛੇ ਮੈਂਬਰਾਂ ਨੂੰ ਡਕੈਤੀ ਦੀ ਯੋਜਨਾ ਬਣਾਉਂਦਿਆਂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਗਰੋਹ ਕੋਲੋਂ ਇਕ ਕਾਰ ਬਰਾਮਦ ਹੋਈ ਹੈ ਜੋ ਮੋਗਾ ’ਚ 4 ਸਤੰਬਰ ਨੂੰ ਚੌਲ ਵਪਾਰੀ ਨੂੰ ਗੋਲੀ ਮਾਰਨ ਦੀ ਵਾਰਦਾਤ ਲਈ ਵਰਤੀ ਗਈ ਸੀ। ਥਾਣਾ ਸਿਟੀ ਦੱਖਣੀ ਦੇ ਮੁਖੀ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ ਲੈ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਕਿੰਦਾ ਪਿੰਡ ਦਾਤਾ, ਗੁਰਜੀਵਨ ਸਿੰਘ ਉਰਫ਼ ਜੁਗਨੂੰ ਪਿੰਡ ਸਿੰਘਾਂਵਾਲਾ, ਅਕਾਸ਼ਦੀਪ ਸਿੰਘ ਉਰਫ਼ ਮਨੀ ਵਾਸੀ ਜਲੰਧਰ ਬਾਈਪਾਸ ਧਰਮਕੋਟ, ਸਲੀਮ ਖਾਨ ਉਰਫ਼ ਸਿੰਮੂ ਅਤੇ ਮਨਵੀਰ ਸਿੰਘ ਉਰਫ਼ ਮਨੀ, ਕ੍ਰਿਸ਼ਨ ਬਾਂਸਲ ਉਰਫ਼ ਗਗਨਾਂ ਸਾਰੇ ਵਾਸੀ ਮੌੜ ਮੰਡੀ ਵਜੋਂ ਹੋਈ ਹੈ। ਮੁਲਜ਼ਮਾਂ ਨੇ ਚੌਲ ਵਪਾਰੀ ਰਾਜੇਸ਼ ਕੁਮਾਰ ਉਰਫ਼ ਕਾਕੂ ਉੱਤੇ ਲੁੱਟ-ਖੋਹ ਕਰਨ ਦੇ ਮਨਸ਼ੇ ਨਾਲ ਗੋਲੀਆਂ ਚਲਾਈਆਂ ਸੀ। ਗੋਲੀਆਂ ਚਲਾਉਣ ਵਾਲਿਆਂ ਦੀ ਸ਼ਨਾਖ਼ਤ ਹਰਮਨਜੀਤ ਸਿੰਘ ਉਰਫ਼ ਹਰਮਨ ਭਾਊ ਪਿੰਡ ਚੀਮਾ (ਪੱਟੀ), ਅੰਮ੍ਰਿਤਪਾਲ ਸਿੰਘ ਉਰਫ਼ ਭਿੰਡਰ ਪਿੰਡ ਭਿੰਡਰ ਕਲਾਂ ਅਤੇ ਅਜੇ ਸੇਠੀ ਉਰਫ਼ ਮਨੀ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਵਜੋਂ ਹੋਈ ਹੈ। ਸਲੀਮ ਖਾਨ ਤੇ ਕ੍ਰਿਸ਼ਨ ਬਾਂਸਲ ਨੇ ਜ਼ੀਰਕਪੁਰ ਵਿਚ ਕਿਰਾਏ ਉੱਤੇ ਹੋਟਲ ਲਿਆ ਹੋਇਆ ਸੀ ਅਤੇ ਵਾਰਦਾਤ ਮਗਰੋਂ ਗਰੋਹ ਮੈਂਬਰ ਇਸ ਹੋਟਲ ’ਚ ਹੀ ਠਹਿਰਦੇ ਸਨ।
ਸਾਈਬਰ ਠੱਗਾਂ ਦੀ ਭਾਲ ਲਈ ਮਿਜ਼ੋਰਮ ਤੇ ਕਰਨਾਟਕ ਜਾਵੇਗੀ ਪੁਲੀਸ
ਇਥੋਂ ਦੀ ਪੁਲੀਸ ਨੇ ਮਿਜ਼ੋਰਮ, ਕਰਨਾਟਕਾ, ਦਿੱਲੀ ਨਾਲ ਸਬੰਧਤ 8 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਨੇ ਸਾਈਬਰ ਸੈੱਲ ਮੁਹਾਲੀ ਦੀ ਪੜਤਾਲ ਬਾਅਦ ਇੰਗਲੈਂਡ ਦੀ ਆਈਸਲੈਂਡ ਕੰਪਨੀ ਤੇ ਅਬੈਂਸੀ ਆਦਿ ਦੀ ਜਾਅਲੀ ਸਾਈਟ, ਆਈਡੀ, ਲੈੱਟਰ ਹੈੱਡ ਤਿਆਰ ਕੀਤੇ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ 7 ਹਜ਼ਾਰ ਪੌਂਡ ਮਹੀਨਾ ਤਨਖਾਹ, 200 ਪੌਂਡ ਹਫ਼ਤਾਵਾਰੀ ਭੱਤਾ ਰਿਹਾਇਸ਼ ਤੇ ਖਾਣਾ ਆਦਿ ਸਹੂਲਤਾਂ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ। ਪੁਲੀਸ ਨੇ ਨਵਦੀਪ ਸਿੰਘ ਧੁੰਨਾ ਮੋਗਾ ਦੀ ਸ਼ਿਕਾਇਤ ਉੱਤੇ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।