ਨਰਿੰਦਰ ਸਿੰਘ
ਭਿੱਖੀਵਿੰਡ, 8 ਸਤੰਬਰ
ਸਿਵਲ ਅਦਾਲਤ ਤਰਨ ਤਾਰਨ ਦੇ ਜੱਜ ਰਾਜੇਸ਼ ਆਹਲੂਵਾਲੀਆ ਵੱਲੋਂ ਬੀਤੇ ਦਿਨੀਂ ਪੰਜਵੜ ਦੇ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਵਿਖੇ ਮੌਜੂਦਾ ਸਰਪੰਚ ਤੇ ਹੋਰ ਵਿਅਕਤੀਆਂ ਵੱਲੋਂ ਧੱਕੇਸ਼ਾਹੀ ਕਰਦਿਆਂ 19 ਅਗਸਤ 2021 ਨੂੰ ਗੋਲਕਾਂ ਦੇ ਜ਼ਿੰਦਰੇ ਭੰਨ ਕੇ ਮਾਇਆ ’ਤੇ ਕਬਜ਼ਾ ਕਰਨ ਤੇ ਦਫ਼ਤਰ ਦੇ ਜ਼ਿੰਦਰੇ ਤੋੜ ਕੇ ਰਿਕਾਰਡ ਨਾਲ ਛੇੜ ਛਾੜ ਕਰਨ ਦੇ ਮਾਮਲੇ ਵਿੱਚ ਸਰਪੰਚ ਪਾਲ ਸਿੰਘ ਸਮੇਤ ਕੁਲ 16 ਵਿਅਕਤੀਆਂ ਨੂੰ ਸੰਮਨ ਜਾਰੀ ਕਰਦਿਆਂ 10 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਪੰਜਵੜ ਨੇ ਅਦਾਲਤ ਵੱਲੋਂ ਜਾਰੀ ਸੰਮਨ ਦੀਆਂ ਕਾਪੀਆਂ ਵਿਖਾਉਂਦਿਆ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਵੱਲੋਂ ਧੱਕੇਸ਼ਾਹੀ ਕਰ ਕੇ ਜ਼ਿੰਦਰੇ ਭੰਨਣ ਤੇ ਗੋਲਕਾਂ ’ਤੇ ਕਬਜ਼ਾ ਕਰਨ ਸਬੰਧੀ ਬੀਤੇ ਦਿਨੀਂ ਕਮੇਟੀ ਵੱਲੋਂ ਥਾਣਾ ਝਬਾਲ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਸਿਆਸੀ ਦਬਾਅ ਦੇ ਚੱਲਦਿਆਂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਐੱਸਐੱਸਪੀ ਤਰਨ ਤਾਰਨ ਕੋਲ ਪਹੁੰਚ ਕੀਤੀ, ਪਰ ਕੋਈ ਕਾਰਵਾਈ ਨਾ ਹੋਣ ’ਤੇ ਅਦਾਲਤ ਦਾ ਸਹਾਰਾ ਲਿਆ ਜਿਸ ’ਤੇ ਅਦਾਲਤ ਨੇ ਸਰਪੰਚ ਪਾਲ ਸਿੰਘ, ਗੁਰਨਿਸ਼ਾਨ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ ਨੂੰ ਸੰਮਨ ਜਾਰੀ ਕੀਤੇ ਹਨ।