ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਜੁਲਾਈ
ਕੋਵਿਡ-19 ਕਾਰਨ ਪੰਜਾਬ ਪੁਲੀਸ ਅਕਾਦਮੀ ਫ਼ਿਲੌਰ ਵਿਚ ਅੱਧ ਵਿਚਾਲੇ ਬੰਦ ਹੋਇਆ ਕੋਰਸ 17 ਜੁਲਾਈ ਤੋਂ ਸ਼ੁਰੂ ਕਰਨ ਲਈ ਡਾਇਰੈਕਟਰ ਪੰਜਾਬ ਪੁਲੀਸ ਅਕਾਦਮੀ ਫ਼ਿਲੌਰ ਵੱਲੋਂ ਅੱਜ ਡੀਜੀਪੀ ਦੀ ਸਿਖਲਾਈ ਸ਼ਾਖਾ ਨੂੰ ਪੱਤਰ ਲਿਖਿਆ ਗਿਆ ਹੈ। ਇਹ ਕੋਰਸ ਸ਼ੁਰੂ ਹੋਣ ਨਾਲ 1200 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਤਰੱਕੀ ਦੀ ਆਸ ਬੱਝੀ ਹੈ। ਇਸ ਸਬੰਧੀ ਸੇਵਾਮੁਕਤੀ ਨੇੜੇ ਪੁੱਜੇ ਥਾਣੇਦਾਰਾਂ ਨੇ ਡੀਜੀਪੀ ਕੋਲੋਂ ਰਾਹਤ ਦੀ ਮੰਗ ਕੀਤੀ ਸੀ। ਡੀਜੀਪੀ ਦੀ ਸਿਖਲਾਈ ਸ਼ਾਖਾ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ 17 ਜੁਲਾਈ ਤੋਂ ਮੁੜ ਅੱਪਰ ਕੋਰਸ ਸ਼ੁਰੂ ਕਰਵਾਉਣ ਲਈ ਸਮੂਹ ਜ਼ਿਲ੍ਹਿਆਂ ਤੇ ਯੂਨਿਟਾਂ ’ਚੋਂ ਆਉਣ ਵਾਲੇ ਸਿਖਿਆਰਥੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਕੋਵਿਡ-19 ਦਾ ਟੈਸਟ ਕਰਵਾ ਕੇ ਰਿਪੋਰਟ ਨਾਲ ਲੈ ਕੇ ਆਉਣ।