ਖੇਤਰੀ ਪ੍ਰਤੀਨਿਧ
ਪਟਿਆਲਾ, 17 ਜਨਵਰੀ
ਘੱਟ ਤੇਲ ਦੀ ਖ਼ਪਤ ਲਈ ਪੀਆਰਟੀਸੀ ਦੀਆਂ ਬੱਸਾਂ ਨੂੰ ਦੇਸ਼ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤ ਪੈਟਰੋਲੀਅਮ ਮੰਤਰਾਲੇ ਵੱਲੋਂ ਪੀਆਰਟੀਸੀ ਨੂੰ ਐਵਾਰਡ ਅਤੇ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ। ਇਹ ਐਵਾਰਡ ਪੀਆਰਟੀਸੀ ਦੇ ਚੇਅਰਮੈਨ ਕੇ.ਕੇ ਸ਼ਰਮਾ ਨੇ ਆਨਲਾਈਨ ਸਮਾਗਮ ਦੌਰਾਨ ਪ੍ਰਾਪਤ ਕੀਤਾ। ਚੇਅਰਮੈਨ ਨੇ ਦੱਸਿਆ ਕਿ ਪੈਟਰੋਲੀਅਮ ਕੰਜ਼ਰਵੇਸ਼ਨ ਐਂਡ ਰੀਸਰਚ ਐਸੋਸੀਏਸ਼ਨ ਵੱਲੋਂ ਸਾਰੇ ਰਾਜਾਂ ਦੇ ਟਰਾਂਸਪੋਰਟ ਅਦਾਰਿਆਂ ਦੀਆਂ ਬੱਸਾਂ ਦੀ ਤੇਲ ਦੀ ਖਪਤ ਨੂੰ ਵਾਚਦੇ ਹੋਏ ਪੀਆਰਟੀਸੀ ਨੂੰ ਦੂਜੇ ਰਾਜਾਂ ਦੀਆਂ ਬੱਸਾਂ ਦੇ ਮੁਕਾਬਲੇ ਘੱਟ ਤੇਲ ਖਪਤ ਕਰਨ ਕਰਕੇ ਰਨਰਅੱਪ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਦੇ ਫਰੀਦਕੋਟ ਡਿਪੂ ਨੂੰ ਪੰਜਾਬ ’ਚੋਂ ਸਰਬੋਤਮ ਡਿਪੂ ਚੁਣਿਆ ਗਿਆ ਹੈ।