ਹਰਜੀਤ ਸਿੰਘ
ਜ਼ੀਰਕਪੁਰ, 9 ਜੁਲਾਈ
ਦੇਸ਼ ਦੀ ਸਭ ਤੋਂ ਬਿਰਧ ਦੌੜਾਕ ਮਾਨ ਕੌਰ (105) ਨੂੰ ਸਿਹਤ ਵਿਗੜਨ ਕਾਰਨ ਡੇਰਾ ਬੱਸੀ ਦੇ ਸ਼ੁੱਧੀ ਪੰਚਕਰਮਾ ਆਯੁਰਵੈਦਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਨ ਕੌਰ ਪਿੱਤੇ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਨੂੰ ਪਹਿਲਾਂ ਹੋਮਿਓਪੈਥੀ ਦਵਾਈ ਦਿੱਤੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਦਾ ਆਯੁਰਵੈਦਿਕ ਇਲਾਜ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਨੂੰ ਡੇਰਾ ਬੱਸੀ ਦੇ ਆਯੁਰਵੈਦਿਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦਾ ਚੈਕਅਪ ਕੀਤਾ ਹੈ ਅਤੇ ਉਹ ਜਲਦ ਠੀਕ ਹੋ ਜਾਣਗੇ। ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਹੋਰ ਹਸਪਤਾਲ ਵੀ ਸਨ ਪਰ ਅਸੀਂ ਇਸ ਹਸਪਤਾਲ ਨੂੰ ਬਿਹਤਰ ਸਮਝਿਆ। ਉਨ੍ਹਾਂ ਆਖਿਆ ਕਿ ਉਹ ਤਰਲ ਪਦਾਰਥ ਲੈ ਰਹੇ ਹਨ। ਉਨ੍ਹਾਂ ਨੂੰ ਸੇਬ ਦਾ ਜੂਸ ਦਿੱਤਾ ਗਿਆ ਸੀ ਜੋ ਉਨ੍ਹਾਂ ਆਰਾਮ ਨਾਲ ਲੈ ਰਿਹਾ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਰੋਟੀ ਖਾਣੀ ਸ਼ੁਰੂ ਕਰ ਦੇਣਗੇ। ਇਥੇ ਉਨ੍ਹਾਂ ਦਾ ਬਿਹਤਰ ਢੰਗ ਨਾਲ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨ ਕੌਰ ਨੇ ਕੌਮਾਂਤਰੀ ਪੱਧਰ ’ਤੇ 35 ਤੋਂ ਜ਼ਿਆਦਾ ਤਗ਼ਮੇ ਜਿੱਤੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 2019 ਵਿੱਚ ਉਨ੍ਹਾਂ ਨੂੰ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਆ ਸੀ। 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕਰਨ ਵਾਲੀ ਮਾਨ ਕੌਰ ਨੇ 2007 ਵਿੱਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। 2017 ਵਿੱਚ ਆਕਲੈਂਡ ’ਚ ਹੋਈਆਂ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤ ਕੇ ਉਹ ਸੁਰਖੀਆਂ ’ਚ ਆਈ ਸੀ।