ਗਗਨਦੀਪ ਅਰੋੜਾ
ਲੁਧਿਆਣਾ, 20 ਮਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ‘ਆਪ’ ਸਰਕਾਰ ਪੰਚਾਇਤੀ ਜ਼ਮੀਨਾਂ ’ਤੇ ਬਣੇ ਮਕਾਨਾਂ ਨੂੰ ਨਹੀਂ ਢਾਹੇਗੀ ਸਗੋਂ ਉਸ ਜ਼ਮੀਨ ਲਈ ਡੀਸੀ ਰੇਟ ਤਹਿਤ ਮਕਾਨ ਮਾਲਕਾਂ ਕੋਲੋਂ ਵਸੂਲੀ ਕੀਤੀ ਜਾਏਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਪੰਚਾਇਤੀ ਜ਼ਮੀਨਾਂ ਤੋਂ ਜਾਂ ਤਾਂ ਕਬਜ਼ੇ ਖਾਲੀ ਕਰ ਦੇਣ ਜਾਂ ਫਿਰ ਉਸ ’ਤੇ ਬਣੇ ਮਕਾਨ ਦੀ ਸਰਕਾਰ ਨੂੰ ਅਦਾਇਗੀ ਕਰਨ। ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ਵਿੱਚ ਰੱਖੇ ਸਮਾਗਮ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਹਟਾਉਣ ਦੀ ਮੁਹਿੰਮ ਤਹਿਤ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਲੋਕ ਖੁਦ ਜ਼ਮੀਨਾਂ ਖਾਲੀ ਕਰਕੇ ਸਰਕਾਰ ਹਵਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਪੰਚਾਇਤੀ ਜ਼ਮੀਨਾਂ ’ਤੇ ਮਕਾਨ ਬਣਾਏ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਢਾਹਿਆ ਨਹੀਂ ਜਾਏਗਾ।
ਸਰਕਾਰ ਨੇ ਯੋਜਨਾ ਤਿਆਰ ਕੀਤੀ ਹੈ ਕਿ ਜਿਹੜੇ ਲੋਕ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨਾਂ ’ਤੇ ਰਹਿ ਰਹੇ ਹਨ, ਜਿਨ੍ਹਾਂ ਨੇ ਉਥੇ ਪੱਕੇ ਮਕਾਨ ਬਣਾ ਲਏ ਹਨ, ਉਨ੍ਹਾਂ ਨੂੰ ਸਰਕਾਰ ਉਥੇ ਦੇ ਡੀਸੀ ਰੇਟ (ਸਰਕਾਰੀ ਰਜਿਸਟਰੀ ਦੇ ਰੇਟ) ਮੁਤਾਬਕ ਜ਼ਮੀਨ ਦੀ ਮਾਲਕੀ ਦੇ ਦੇਵੇਗੀ। 31 ਮਈ ਤੋਂ ਬਾਅਦ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਜਾਏਗਾ।
ਲੁਧਿਆਣਾ (ਸਤਵਿੰਦਰ ਬਸਰਾ): ਇਸ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ ਜਲਵਾਯੂ ਅਨੁਕੂਲ ਪਸ਼ੂ ਸ਼ੈੱਡ ਅਤੇ ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਰਾਹੀਂ ਕਿਸਾਨ ਦੀ ਆਰਥਿਕਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ, ਜਿਸ ਲਈ ਉਕਤ ਸੰਸਥਾ ਤੋਂ ਲਾਹਾ ਲੈਣਾ ਚਾਹੀਦਾ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰੰਘ ਧਾਲੀਵਾਲ ਨੇ 150 ਪਸ਼ੂਆਂ ਦੇ ਸ਼ੈੱਡ ਦਾ ਉਦਘਾਟਨ ਕੀਤਾ।