ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਨਵੰਬਰ
ਦਿੱਲੀ ਕਮੇਟੀ ਦੇ ਦਫਤਰ ਵਿਚ ਬੀਤੇ ਦਿਨ ਹੋਏ ਵਿਵਾਦ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਕੋਲ ਪੁੱਜ ਗਿਆ ਹੈ। ਦਿੱਲੀ ਕਮੇਟੀ ਦੇ ਇਕ ਵਫਦ ਨੇ ਇਸ ਸਬੰਧੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਵਫਦ ਨੇ ਇਸ ਸਬੰਧੀ ਮੰਗ ਪੱਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਨੂੰ ਸੌਂਪਿਆ ਹੈ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ 13 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਦਿੱਲੀ ਕਮੇਟੀ ਦੇ ਦਫਤਰ ਵਿਚ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀਕੇ ਦੇ ਸਮਰਥਕ ਪੁੱਜੇ ਸਨ, ਜਿਨ੍ਹਾਂ ਨੇ ਖ਼ਜ਼ਾਨਚੀ ਸਮੇਤ ਹੋਰ ਕਰਮਚਾਰੀਆਂ ਨਾਲ ਕਥਿਤ ਬਦਸਲੂਕੀ ਕੀਤੀ। ਵਫਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।