ਜਗਜੀਤ ਸਿੰਘ
ਮੁਕੇਰੀਆਂ, 24 ਜੂਨ
ਕੰਢੀ ਨਹਿਰ ਨੂੰ ਹੇਠਾਂ ਤੋਂ ਕੱਚਾ ਰੱਖਣ ਦੀ ਮੰਗ ਲਈ ਕਿਸਾਨ ਜਥੇਬੰਦੀਆਂ ਵਲੋਂ ਪੱਕਾ ਮੋਰਚਾ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਹੋਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਕੰਢੀ ਨਹਿਰ ’ਤੇ ਧਰਨੇ ਕਾਰਨ ਨਹਿਰ ਵਿੱਚ ਪਾਣੀ ਨਾ ਆਉਣ ਤੋਂ ਤੰਗ ਭਾਣੋਵਾਲ, ਭੱਟਲਾਂ ਤੇ ਜਮਸ਼ੇਰ ਚਠਿਆਲ ਆਦਿ ਪਿੰਡਾਂ ਦੀਆਂ ਪੰਚਾਇਤਾਂ ਦੀ ਲਿਖਤੀ ਮੰਗ ’ਤੇ ਨਹਿਰੀ ਵਿਭਾਗ ਵਲੋਂ ਨਹਿਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਕਿਸਾਨਾਂ ਦੇ ਟਕਰਾਅ ਕਾਰਨ ਇਸ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ।
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ, ਸੇਵਾ ਦਲ ਦੇ ਮਨਜੋਤ ਸਿੰਘ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਪੰਚ ਕਸ਼ਮੀਰ ਸਿੰਘ ਤੇ ਨਵੀ ਅਟਵਾਲ ਨੇ ਕਿਹਾ ਕਿ ਸੂਬੇ ’ਤੇ ਕਾਬਜ਼ ਰਹੀਆਂ ਵੱਖ ਵੱਖ ਸਰਕਾਰਾਂ ਕੰਢੀ ਨਹਿਰ ਦੇ ਅਸਲ ਮੰਤਵ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਹਨ। ਦੂਜੇ ਪਾਸੇ ਸਰਪੰਚ ਕੁਲਵੀਰ ਸਿੰਘ ਭੱਟਲਾਂ, ਸਰਪੰਚ ਸ਼ਿਵਚਰਨ ਸਿੰਘ ਭਾਣੋਵਾਲ, ਸਰਪੰਚ ਖੁਸ਼ਹਾਲ ਸਿੰਘ ਜਮਸ਼ੇਰ ਚਠਿਆਲ ਦੀ ਅਗਵਾਈ ਹੇਠ ਮੰਗ ਕੀਤੀ ਗਈ ਕਿ ਨਹਿਰ ਬੰਦ ਹੋਣ ਕਾਰਨ ਫਸਲਾਂ ਸੁੱਕ ਰਹੀਆਂ ਹਨ।
ਕੰਢੀ ਨਹਿਰ ਦੇ ਐੱਸਡੀਓ ਨਵੀਨਪਾਲ ਸਿੰਘ ਅਤੇ ਐਸਡੀਓ ਪਵਨ ਕੁਮਾਰ ਨੇ ਦੱਸਿਆ ਕਿ ਮਸਤੀਵਾਲ ਵਿਚ ਕਿਸਾਨਾਂ ਵੱਲੋਂ ਧਰਨਾ ਦੇਣ ਕਾਰਨ ਨਹਿਰ ਦਾ ਕੰਮ ਬੰਦ ਕੀਤਾ ਗਿਆ ਸੀ ਪਰ ਪਿੰਡਾਂ ਦੀਆਂ ਪੰਚਾਇਤਾਂ ਦੀ ਲਿਖਤੀ ਮੰਗ ’ਤੇ ਆਰ ਡੀ 31810 ਤੋਂ ਆਰ ਡੀ 35500 ਤੱਕ ਨਹਿਰ ਦੇ ਨਵੀਨੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਟਕਰਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਹਿਰੀ ਵਿਭਾਗ ਨੂੰ 27 ਜੂਨ ਤੱਕ ਕੰਮ ਮੁਲਤਵੀ ਕਰਨ ਲਈ ਆਖਿਆ ਹੈ।