ਗਗਨਦੀਪ ਅਰੋੜਾ
ਲੁਧਿਆਣਾ, 25 ਦਸੰਬਰ
ਇਥੇ ਅਦਾਲਤੀ ਕੰਪਲੈਕਸ ਵਿੱਚ ਹੋਏ ਧਮਾਕੇ ਦੀ ਸਾਜ਼ਿਸ਼ ਕੇਂਦਰੀ ਜੇਲ੍ਹ ਲੁਧਿਆਣਾ ’ਚ ਰਚੀ ਗਈ ਸੀ। ਇਸ ਧਮਾਕੇ ਦੇ ਤਾਰ ਪਾਕਿਸਤਾਨ ਨਾਲ ਵੀ ਜੁੜਦੇ ਦਿਖਾਈ ਦੇ ਰਹੇ ਹਨ। ਧਮਾਕੇ ’ਚ ਮਾਰਿਆ ਗਿਆ ਪੰਜਾਬ ਪੁਲੀਸ ਦਾ ਸਾਬਕਾ ਹੈੱਡ ਕਾਂਸਟੇਬਲ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ ਬੀਕੇਯੂ-4 ਵਿੱਚ ਬੰਦ ਸੀ। ਇਸ ਦੇ ਨਾਲ ਹੀ ਕੇਂਦਰੀ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਤਸਕਰ ਰਣਜੀਤ ਬਾਵਾ ਉਰਫ਼ ਚੀਤਾ ਤੇ ਆਰਡੀਐਕਸ ਦੇ ਕੇਸ ਨਾਲ ਸਬੰਧਤ ਸੁਖਵਿੰਦਰ ਸਿੰਘ ਉਰਫ਼ ਬਾਕਸਰ ਤੇ ਗਗਨਦੀਪ ਸਿੰਘ ਵੀ ਉਥੇ ਹੀ ਬੰਦ ਸਨ। ਪੁਲੀਸ ਦੇ ਉਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਦੋ ਸਾਲਾਂ ਤੱਕ ਇੱਕ ਹੀ ਬੈਰਕ ਵਿੱਚ ਬੰਦ ਸਨ। ਇੱਥੇ ਤਿੰਨਾਂ ਨੇ ਮਿਲ ਕੇ ਲੁਧਿਆਣਾ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾਈ ਸੀ। ਤਿੰਨਾਂ ਵਿੱਚੋਂ ਪਹਿਲਾਂ ਗਗਨਦੀਪ ਸਿੰਘ ਦੇ ਬਾਹਰ ਜਾਣ ਦੀ ਆਸ ਸੀ, ਇਸ ਕਰਕੇ ਰਣਜੀਤ ਸਿੰਘ ਤੇ ਸੁਖਵਿੰਦਰ ਨੇ ਗਗਨਦੀਪ ਨੂੰ ਇਸ ਕੰਮ ਲਈ ਤਿਆਰ ਕੀਤਾ। ਸੂਤਰਾਂ ਅਨੁਸਾਰ ਧਮਾਕੇ ਮਗਰੋਂ ਬੀਤੇ ਕੱਲ੍ਹ ਕੇਂਦਰੀ ਏਜੰਸੀਆਂ ਤੇ ਪੰਜਾਬ ਦੀਆਂ ਏਜੰਸੀਆਂ ਨੇ ਕੇਂਦਰੀ ਜੇਲ੍ਹ ’ਚ ਦੋਵੇਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ। ਇਸ ਮਗਰੋਂ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੂੰ 24 ਅਗਸਤ 2019 ਨੂੰ ਐੱਸਟੀਐੱਫ਼ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਗਗਨਦੀਪ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕੈਦ ਕੱਟ ਰਹੇ ਚੀਤਾ ਤੇ ਬਾਕਸਰ ਨਾਲ ਇੱਕ ਹੀ ਬੈਰਕ ’ਚ ਬੰਦ ਕੀਤਾ ਗਿਆ ਸੀ। ਉਥੋਂ ਤਿੰਨਾਂ ’ਚ ਕਾਫ਼ੀ ਮੇਲ ਮਿਲਾਪ ਵੱਧ ਗਿਆ ਸੀ। ਸੂਤਰਾਂ ਅਨੁਸਾਰ ਮੁਲਜ਼ਮ ਚੀਤਾ ਨੇ ਪਾਕਿਸਤਾਨ ’ਚ ਬੈਠੇ ਤਸਕਰ ਰਿੰਦਾ ਨਾਲ ਗਗਨਦੀਪ ਸਿੰਘ ਦੀ ਗੱਲ ਕਰਵਾਈ, ਜਿਸ ਮਗਰੋਂ ਉਹ ਬਾਹਰ ਜਾ ਕੇ ਉਸ ਲਈ ਕੰਮ ਕਰਨ ਲਈ ਮੰਨ ਗਿਆ। ਸੂਤਰ ਇਹ ਵੀ ਦੱਸਦੇ ਹਨ ਕਿ ਜੇਲ੍ਹ ’ਚ ਬੈਠੇ ਮੁਲਜ਼ਮਾਂ ਨੇ ਸਨਅਤੀ ਸ਼ਹਿਰ ’ਚ ਧਮਾਕੇ ਦੀ ਯੋਜਨਾ ਬਣਾਈ ਅਤੇ ਗਗਨਦੀਪ ਸਿੰਘ ਨੂੰ ਪੈਸੇ ਦਾ ਲਾਲਚ ਦਿੱਤਾ। ਸਤੰਬਰ ਮਹੀਨੇ ’ਚ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਮੁਲਜ਼ਮ ਗਗਨਦੀਪ ਸਿੰਘ ਲਗਾਤਾਰ ਚੀਤਾ ਨਾਲ ਫੋਨ ’ਤੇ ਸੰਪਰਕ ’ਚ ਰਿਹਾ। ਅਦਾਲਤ ਵਿੱਚ ਧਮਾਕੇ ਦੀ ਯੋਜਨਾ ਅਤੇ ਲੋੜੀਂਦੇ ਸਾਮਾਨ ਸਬੰਧੀ ਉਸ ਨੂੰ ਸਾਰੀ ਸੂਚਨਾ ਦਿੱਤੀ ਗਈ।
ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਦੋਵੇਂ ਮੁਲਜ਼ਮ ਸੱਤ ਦਿਨਾਂ ਦੀ ਰਿਮਾਂਡ ’ਤੇ ਭੇਜੇ
ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਬਾਕਸਰ ਤੇ ਰਣਜੀਤ ਸਿੰਘ ਉਰਫ਼ ਬਾਬਾ ਉਰਫ਼ ਚੀਤਾ ਨੂੰ ਸਖ਼ਤ ਸੁਰੱਖਿਆ ਹੇਠ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਸੱਤ ਦਿਨਾਂ ਦੇ ਰਿਮਾਂਡ ’ਤੇ ਭੇਜਣ ਦੇ ਹੁਕਮ ਹੋਏ ਹਨ। ਇਸ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਵਿੱਚ ਦੋਵਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਪੁੱਛ-ਗਿੱਛ ਲਈ ਸੀਆਈਏ ਲਿਆਂਦਾ ਗਿਆ।