ਨਿੱਜੀ ਪੱਤਰ ਪ੍ਰੇਰਕ
ਮਜੀਠਾ, 19 ਜਨਵਰੀ
ਵਿਧਾਨ ਸਭਾ ਹਲਕਾ ਮਜੀਠਾ ਤੋਂ ਹੁਣ ਤੱਕ ਕਾਂਗਰਸ ਪਾਰਟੀ ਦਾ ਅੰਦਰੂਨੀ ਖਿੱਚੋਤਾਣ ਹੀ ਉਸ ਦੀ ਹਾਰ ਦਾ ਮੁੱਖ ਕਾਰਨ ਬਣਦਾ ਆ ਰਿਹਾ ਹੈ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਤੋਂ ਸ਼ਿਵੰਦਰ ਸਿੰਘ ਕੱਥੂਨੰਗਲ ਨੂੰ ਕਾਂਗਰਸ ਨੇ ਮੈਦਾਨ ਵਿੱਚ ਉਤਾਰਿਆ ਸੀ ਤੇ ਉਨ੍ਹਾਂ ਅਕਾਲੀ ਉਮੀਦਵਾਰ ਰਾਜਮਹਿੰਦਰ ਸਿੰਘ ਮਜੀਠਾ ਨੂੰ ਹਰਾਇਆ ਸੀ। ਉਸ ਤੋਂ ਪਹਿਲਾਂ ਉਹ 1997 ਵਿੱਚ ਹਲਕੇ ਤੋਂ ਆਜ਼ਾਦ ਚੋਣ ਲੜੇ ਸਨ। ਇਸ ਮਗਰੋਂ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਦੇ ਦਿੱਤੀ, ਜਿਸ ਕਾਰਨ ਸ਼ਿਵੰਦਰ ਸਿੰਘ ਕੱਥੂਨੰਗਲ ਕਾਫੀ ਨਾਰਾਜ਼ ਹੋਏ ਤੇ ਇਸ ਨਾਰਾਜ਼ਗੀ ਦਾ ਕਾਂਗਰਸ ਨੂੰ ਹਾਰ ਦੇ ਰੂਪ ’ਚ ਖਮਿਆਜ਼ਾ ਭੁਗਤਣਾ ਪਿਆ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਮੁੜ ਲਾਲੀ ਮਜੀਠੀਆ ਦੀ ਟਿਕਟ ਕੱਟ ਕੇ ਯੂਥ ਕਾਂਗਰਸ ਦੇ ਆਗੂ ਸ਼ਲਿੰਦਰਜੀਤ ਸਿੰਘ ਸ਼ੈਲੀ ਨੂੰ ਦੇ ਦਿੱਤੀ, ਜਿਸ ਮਗਰੋਂ ਲਾਲੀ ਮਜੀਠੀਆ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਆਏ। ਲਾਲੀ ਮਜੀਠੀਆ 26,363 ਵੋਟਾਂ ਲੈ ਕੇ ਦੂਸਰੇ ਨੰਬਰ ’ਤੇ ਰਹੇ, ਜਦਕਿ ਕਾਂਗਰਸੀ ਉਮੀਦਵਾਰ ਸ਼ੈਲੀ ਨੂੰ ਸਿਰਫ 7629 ਵੋਟਾਂ ਹੀ ਮਿਲੀਆਂ। ਸਾਲ 2017 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਲਾਲੀ ਮਜੀਠੀਆ ਨੂੰ ਟਿਕਟ ਦੇ ਦਿੱਤੀ ਤੇ ਸ਼ਿਵੰਦਰ ਸਿੰਘ ਕੱਥੂਨੰਗਲ ਨਾਰਾਜ਼ ਹੋ ਗਏ। ਇਸ ਵਾਰ ਪਹਿਲਾਂ ਤਾਂ ਲਾਲੀ ਮਜੀਠੀਆ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਚਲੇ ਗਏ ਤੇ ਹੁਣ ਉਨ੍ਹਾਂ ਦੇ ਭਰਾ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ, ਜਿਸ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਝੰਡਾ ਚੁੱਕ ਲਿਆ ਹੈ। ਸੱਚਰ ਨੇ ਚਾਰ ਦਿਨ ਪਹਿਲਾਂ ਪੰਜਾ ਛੱਡ ਕੇ ਕਮਲ ਫੜ ਲਿਆ ਸੀ। ਹਲਕੇ ਅੰਦਰ ਪਾਰਟੀ ਨੂੰ ਢਾਹ ਲੱਗਦੀ ਦੇਖ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੱਚਰ ਨੂੰ ਮਨਾ ਕੇ ਘਰ ਵਾਪਸੀ ਕਰਵਾ ਲਈ ਹੈ ਅਤੇ ਪਾਰਟੀ ਹਾਈ ਕਮਾਂਡ ਨੂੰ ਇਸ ਟਿਕਟ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਮਜੀਠਾ ਹਲਕੇ ਵਿੱਚ ਇਸ ਵਾਰ ਬਿਕਰਮ ਮਜੀਠੀਆ ਦੇ ਬਹੁਤ ਖਾਸ ਤੇ ਹਲਕੇ ਵਿੱਚ ਚੰਗੀ ਪਕੜ ਰੱਖਣ ਵਾਲੇ ਪੱਪੂ ਜੈਂਤੀਪੁਰ ਕਾਂਗਰਸ ਵਿੱਚ ਚਲੇ ਗਏ ਹਨ ਪਰ ਕਾਂਗਰਸ ਲਾਹਾ ਲੈਣ ਦੀ ਥਾਂ ਆਪਸ ਵਿੱਚ ਉਲਝੀ ਹੋਈ ਹੈ।