ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਵਾਲੀ ਥਾਂ ਬਾਗ਼ ਅਕਾਲੀ ਮਾਰਕੀਟ ਵਿੱਚ ਸ਼੍ਰੋਮਣੀ ਕਮੇਟੀ ਤੇ ਦੁਕਾਨਦਾਰਾਂ ਵਿਚਾਲੇ ਚੱਲ ਰਿਹਾ ਟਕਰਾਅ ਅੱਜ ਉਸ ਵੇਲੇ ਲਗਪਗ ਖ਼ਤਮ ਹੋ ਗਿਆ, ਜਦੋਂ ਸ਼੍ਰੋਮਣੀ ਕਮੇਟੀ ਨੇ ਯੋਗ ਕਿਰਾਏਦਾਰਾਂ ਨੂੰ ਦੁਕਾਨਾਂ ਦੇ ਬਦਲੇ ਨਵੀਂ ਇਮਾਰਤ ਵਿੱਚ ਦੁਕਾਨਾਂ ਦੇਣ ਦਾ ਭਰੋਸਾ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਬਾਗ਼ ਅਕਾਲੀ ਮਾਰਕੀਟ ਵਾਲੀ ਸੱਤ ਏਕੜ ਥਾਂ ’ਤੇ ਵੱਡੀ ਸਰਾਂ ਉਸਾਰਨ ਦੀ ਯੋਜਨਾ ਹੈ। ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਅਤੇ ਦੁਕਾਨਦਾਰਾਂ ਵਿਚਾਲੇ ਤਕਰਾਰ ਮਗਰੋਂ ਅੱਜ ਮੀਟਿੰਗ ਹੋਈ, ਜਿਸ ਵਿੱਚ ਕਿਰਾਏਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਦੁਕਾਨਾਂ ਦੇਣ ਦਾ ਲਿਖਤੀ ਭਰੋਸਾ ਦਿੱਤਾ ਜਾਵੇ। ਸ਼੍ਰੋਮਣੀ ਕਮੇਟੀ ਨੇ ਕਿਰਾਏਦਾਰਾਂ ਨੂੰ ਆਪਣੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਹੈ ਜੋ ਯੋਗ ਕਿਰਾਏਦਾਰਾਂ ਦੀ ਜਾਂਚ ਕੀਤੀ ਜਾ ਸਕੇ। ਇਸ ਦੀ ਪੁਸ਼ਟੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕੀਤੀ ਹੈ।