ਗਗਨਦੀਪ ਅਰੋੜਾ
ਲੁਧਿਆਣਾ, 9 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਜਸ਼ਨਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਮਠਿਆਈ ਦੇ ਆਰਡਰ ਦਿੱਤੇ ਜਾ ਰਹੇ ਹਨ। ਲੱਡੂਆਂ ਦੇ ਵੱਡੇ ਆਰਡਰ ਮਿਲਣ ਕਾਰਨ ਦੁਕਾਨਦਾਰ ਖੁਸ਼ ਹਨ, ਆਰਡਰ ਜ਼ਿਆਦਾ ਹੋਣ ਕਾਰਨ ਹਲਵਾਈ ਓਵਰਟਾਈਮ ਲਾ ਕੇ ਮਾਲ ਤਿਆਰ ਕਰ ਰਹੇ ਹਨ। ਇਹੀ ਹਾਲ ਫੁੱਲਾਂ ਵਾਲਿਆਂ ਦਾ ਹੈ। ਹਾਲਾਂਕਿ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਰਹੀ ਦਿਖਾਈ ਗਈ ਹੈ, ਪਰ ‘ਆਪ’ ਤੇ ਕਾਂਗਰਸ ਦੋਵਾਂ ਵੱਲੋਂ ਹੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਾਰ ਜੇਤੂ ਉਮੀਦਵਾਰਾਂ ਲਈ ਇੱਕ ਖਾਸ 5 ਕਿੱਲੋ ਦਾ ਜਿੱਤ ਦਾ ਲੱਡੂ ਤਿਆਰ ਕੀਤਾ ਜਾ ਰਿਹਾ ਹੈ। ਹਰ ਵਾਰ ਨਤੀਜਿਆਂ ਤੋਂ ਪਹਿਲਾਂ ਲੱਡੂ ਅਤੇ ਮਠਿਆਈਆਂ ਲਈ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਹੈ। ਪਰ ਇਸ ਵਾਰ ਪਿਛਲੀਆਂ ਚੋਣਾਂ ਨਾਲ ਵੱਧ ਹਲਵਾਈਆਂ ਨੂੰ ਆਰਡਰ ਮਿਲੇ ਹਨ, ਜਿਸ ਲਈ ਹਲਵਾਈ ਆਰਡਰ ਨੂੰ ਸਮੇਂ ’ਤੇ ਪੂਰਾ ਕਰਨ ਲਈ ਵਾਧੂ ਸਮਾਂ ਵੀ ਲਾ ਰਹੇ ਹਨ।
ਲੁਧਿਆਣਾ ਦੀ ਹਲਵਾਈ ਐਸੋਸੇਈਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਖੁਸ਼ੀ ਦੇ ਮੌਕੇ ’ਤੇ ਲੱਡੂ ਵੰਡਣ ਦੀ ਇੱਕ ਵੱਖਰੀ ਰਸਮ ਹੈ। ਚੋਣ ਨਤੀਜੇ ਵੀ ਖੁਸ਼ੀ ਦਾ ਮੌਕਾ ਹੀ ਹਨ। ਇਸ ’ਚ ਜਿੱਤ ਦੀ ਖੁਸ਼ੀ ’ਚ ਉਮੀਦਵਾਰ ਦੇ ਸਮਰਥਕ ਲੱਡੂ ਵੰਡਦੇ ਹਨ। ਉਨ੍ਹਾਂ ਦੱਸਿਆ ਕਿ 10 ਮਾਰਚ ਲਈ ਕਈ ਕੁਇੰਟਲ ਲੱਡੂ ਤਿਆਰ ਕਰਵਾਏ ਜਾ ਰਹੇ ਹਨ। ਜਗਰਾਉਂ ਪੁਲ ’ਤੇ ਫੁੱਲਾਂ ਦਾ ਕੰਮ ਕਰਨ ਵਾਲੇ ਸੰਤੋਸ਼ ਕੁਮਾਰ ਦਾ ਕਹਿਣਾ ਹੈ ਕਿ 10 ਮਾਰਚ ਨੂੰ ਨਤੀਜੇ ਆਉਣੇ ਹਨ, ਜਿਸ ਨੂੰ ਦੇਖਦੇ ਹੋਏ ਕਈ ਪਾਰਟੀਆਂ ਦੇ ਆਗੂ ਐਡਵਾਂਸ ਬੁਕਿੰਗ ਕਰਵਾ ਗਏ ਹਨ। ਜ਼ਿਆਦਾਤਰ ਪਾਰਟੀਆਂ ਦੇ ਆਗੂ ਗੇਂਦੇ ਤੇ ਗੁਲਾਬ ਦੇ ਫੁੱਲ ਆਰਡਰ ਕਰ ਕੇ ਗਏ ਹਨ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਚੋਣ ਸਰਵੇਖਣਾ ਵਿੱਚ ‘ਆਪ’ ਦੇ ਮੋਹਰੀ ਹੋਣ ਦੀਆਂ ਰਿਪੋਰਟਾਂ ਨਸ਼ਰ ਕਰਨ ਦੇ ਬਾਵਜੂਦ ਇਸ ਵਾਰ ਜ਼ਿਆਦਾਤਰ ਉਮੀਦਵਾਰਾਂ ਨੇ ਭਾਵੇਂ ਮਠਿਆਈਆਂ ਆਦਿ ਵੰਡਣ ਤੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਨਹੀਂ ਆਰੰਭੀਆਂ ਹਨ। ਪਰ ਕਈ ਦੁਕਾਨਦਾਰਾਂ ਨੇ ਆਪਣੇ ਪੱਧਰ ’ਤੇ ਮਠਿਆਈ ਤਿਆਰ ਕਰ ਲਈ ਹੈ।
ਇਸ ਦੌਰਾਨ ਹੀ ਪਟਿਆਲਾ ਦੇ ਤ੍ਰਿਪੜੀ ਖੇਤਰ ’ਚ ਮਸ਼ਹੂਰ ਮਠਿਆਈ ਦੀ ਦੁਕਾਨ ਦੇ ਮਾਲਕ ਪਰਵਿੰਦਰ ਸਿੰਘ ਕੋਹਲੀ ਨੇ ਮੁੱਖ ਮੰਤਰੀ ਬਣਨ ਵਾਲੇ ਉਮੀਦਵਾਰ ਨੂੰ ਦਸ ਕਿੱਲੋ ਤੇ ਹਰੇਕ ਵਿਧਾਇਕ ਨੂੰ ਕਿੱਲੋ-ਕਿੱਲੋ ਦਾ ਲੱਡੂ ਭੇਟ ਕਰਨ ਦਾ ਫੈ਼ਸਲਾ ਕੀਤਾ ਹੈ। ਪਰਵਿੰਦਰ ਨੇ ਇਹ ਲੱਡੂ ਤਿਆਰ ਕਰਕੇ ਰੱਖ ਲਏ ਹਨ। ਇਸ ਬਾਰੇ ਪਰਵਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਵਧੀਆ ਸਰਕਾਰ ਬਣਨ ਦੀ ਉਮੀਦ ਹੈ ਜਿਸ ਕਾਰਨ ਲੋਕਾਂ ਦੇ ਨਾਲ ਉਨ੍ਹਾਂ ਵਿੱਚ ਵੀ ਪੂਰਾ ਉਤਸ਼ਾਹ ਹੈ। ਪਰਵਿੰਦਰ ਨੇ ਕਿਹਾ ਕਿ ਸਿਰਫ਼ ਦਸ ਕਿੱਲੋ ਹੀ ਨਹੀਂ ਸਗੋਂ ਉਹ ਤਾਂ ਮੁੱਖ ਮੰਤਰੀ ਲਈ 51 ਜਾਂ 101 ਕਿੱਲੋ ਦਾ ਲੱਡੂ ਤਿਆਰ ਕਰਨ ਦੀ ਇੱਛਾ ਰੱਖਦਾ ਹੈ।