ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 7 ਮਾਰਚ
ਯੂਕਰੇਨ ਦੇ ਖਾਰਕੀਵ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਬਲਜਿੰਦਰ ਸਿੰਘ ਘੋਲੀਆ ਖੁਰਦ ਲੰਮੀ ਜੱਦੋਜਹਿਦ ਮਗਰੋਂ ਘਰ ਪਰਤਿਆ ਹੈ। ਉਸ ਨੇ ਦੱਸਿਆ ਕਿ ਉਹ ਖਾਰਕੀਵ ਨੈਸ਼ਨਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੇ ਛੇਵੇਂ ਸਾਲ ਦਾ ਵਿਦਿਆਰਥੀ ਹੈ ਅਤੇ ਉਸ ਦਾ ਸਿਰਫ਼ ਛੇ ਮਹੀਨੇ ਦਾ ਕੋਰਸ ਬਾਕੀ ਰਹਿ ਗਿਆ ਹੈ। ਜੰਗ ਦੌਰਾਨ ਗੁਜ਼ਾਰੇ ਦਿਨਾਂ ਦਾ ਜ਼ਿਕਰ ਕਰਦਿਆਂ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸ਼ਹਿਰ ਵਾਸੀਆਂ ਅਤੇ ਸਾਥੀ ਵਿਦਿਆਰਥੀਆਂ ਨਾਲ ਛੇ ਦਿਨ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿੱਚ ਗੁਜ਼ਾਰੇ। ਇਸ ਮਗਰੋਂ ਉਨ੍ਹਾਂ ਨੇ ਉੱਥੋਂ ਨਿਕਲਣ ਦਾ ਫ਼ੈਸਲਾ ਲਿਆ ਅਤੇ ਉਹ ਮੈਟਰੋ ਤੋਂ ਟੈਕਸੀ ਕਰਕੇ ਰੇਲਵੇ ਸਟੇਸ਼ਨ ਪੁੱਜੇ, ਜਿੱਥੋਂ ਉਹ ਕਰੀਬ 1400 ਕਿਲੋਮੀਟਰ ਦਾ ਸਫ਼ਰ ਰੇਲ ਰਾਹੀਂ ਤੈਅ ਕਰਕੇ ਪੋਲੈਂਡ ਦੀ ਸਰਹੱਦ ’ਤੇ ਪੁੱਜੇ। ਇੱਥੇ ਉਹ ਸਰਕਾਰ ਵੱਲੋਂ ਬਣਾਏ ਗਏ ਆਰਜ਼ੀ ਰੈਣ ਬਸੇਰੇ ਵਿੱਚ ਰੁਕੇ।
ਉਸ ਨੇ ਦੱਸਿਆ ਕਿ ਪੋਲੈਂਡ ਦੀ ਸਰਹੱਦ ’ਤੇ ਉਨ੍ਹਾਂ ਮਨਫੀ ਪੰਜ ਡਿਗਰੀ ਤਾਪਮਾਨ ਵਿੱਚ ਸਮਾਂ ਗੁਜ਼ਾਰਿਆ। ਇਸ ਮਗਰੋਂ ਉਨ੍ਹਾਂ ਨੂੰ ਬਾਰਾਂ ਘੰਟੇ ਲਾਈਨ ਵਿੱਚ ਖੜ੍ਹੇ ਹੋ ਕੇ ਜਹਾਜ਼ ਦੀ ਉਡੀਕ ਕਰਨੀ ਪਈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਰੂਸ ਨਾਲ ਲੱਗਦੇ ਪੂਰਬੀ ਇਲਾਕਿਆਂ ਵਿੱਚ ਵਿਦਿਆਰਥੀਆਂ ਦੀ ਹਾਲਤ ਬਹੁਤ ਚਿੰਤਾਜਨਕ ਹੈ। ਉੱਥੇ ਫਸੇ ਵਿਦਿਆਰਥੀਆਂ ਕੋਲ ਬਿਜਲੀ, ਪਾਣੀ ਅਤੇ ਖਾਣਾ ਤੱਕ ਵੀ ਨਹੀਂ। ਉਸ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਬੱਚਿਆਂ ਨੂੰ ਜਲਦੀ ਉੱਥੋਂ ਕੱਢਣ ਦਾ ਪ੍ਰਬੰਧ ਕਰੇੇ। ਬਲਜਿੰਦਰ ਸਿੰਘ ਦੀ ਮਾਂ ਸੁਖਵਿੰਦਰ ਕੌਰ, ਪਿਤਾ ਮਨਜੀਤ ਸਿੰਘ, ਦਾਦਾ ਕਰਨੈਲ ਸਿੰਘ, ਐਡਵੋਕੇਟ ਰੁਪਿੰਦਰ ਸਿੰਘ, ਪੰਚ ਜਗਜੀਵਨ ਸਿੰਘ, ਭਾਈ ਦਰਸ਼ਨ ਸਿੰਘ ਘੋਲੀਆ ਨੇ ਮੰਗ ਕੀਤੀ ਕਿ ਸਰਕਾਰ ਦੇਸ਼ ਵਿੱਚ ਸਿੱਖਿਆ ਪ੍ਰਬੰਧ ਸੁਧਾਰ ਕੇ ਇਨ੍ਹਾਂ ਬੱਚਿਆਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਏ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਯੂਕਰੇਨ ਵਿੱਚ ਫਸੇ ਮਾਲੇਰਕੋਟਲਾ ਜ਼ਿਲ੍ਹੇ ਦੇ 3 ਵਿਦਿਆਰਥੀ ਘਰ ਪਰਤ ਚੁੱਕੇ ਹਨ। ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਮਾਲੇਰਕੋਟਲਾ ਦੇ ਸੱਤ ਵਿਦਿਆਰਥੀ, ਇਕ ਵਿਅਕਤੀ ਵਰਕ ਪਰਮਿਟ ’ਤੇ ਅਤੇ ਇੱਕ ਡਾਕਟਰ ਪਰਿਵਾਰ ਦੇ ਕੁੱਲ 4 ਮੈਂਬਰ ਯੂਕਰੇਨ ਵਿੱਚ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪ੍ਰਤਿਮਾ ਕੱਕੜ, ਅਮਨ ਭੱਟੀ ਅਤੇ ਗੁਰਜੋਤ ਸਿੰਘ ਮਾਲੇਰਕੋਟਲਾ ਵਾਪਸ ਆ ਚੁੱਕੇ ਹਨ ਅਤੇ ਇੱਕ ਵਿਦਿਆਰਥੀ ਅਰਵਿੰਦ ਪੁਰਤਗਾਲ ਤੋਂ ਅੱਜ ਫਲਾਈਟ ਰਾਹੀਂ ਦੇਸ਼ ਪਰਤੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ 3 ਵਿਦਿਆਰਥੀ ਮੁਹੰਮਦ ਜਹਾਂਗੀਰ, ਮੁਹੰਮਦ ਅਬੀਦ ਅਤੇ ਸੋਹੇਲ ਪੋਲੈਂਡ ਦੀ ਸਰਹੱਦ ’ਤੇ ਹਨ, ਜਦਕਿ ਵਰਕ ਪਰਮਿਟ ’ਤੇ ਯੂਕਰੇਨ ਗਿਆ ਗੁਰਮੁੱਖ ਸਿੰਘ ਇਸ ਵੇੇਲੇ ਪੁਰਤਗਾਲ ਵਿੱਚ ਹੈ। ਇਸ ਤੋਂ ਇਲਾਵਾ ਡਾਕਟਰ ਰਿਸ਼ਭ ਸ਼ਰਮਾ ਦਾ ਪਰਿਵਾਰ ਪੋਲੈਂਡ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਪਰਿਵਾਰਾਂ ਨਾਲ ਵ੍ਹੱਟਸਐਪ ਗਰੁੱਪ ਰਾਹੀਂ ਰਾਬਤਾ ਕੀਤਾ ਜਾ ਰਿਹਾ ਹੈ।
ਯਤਨਜੀਤ ਦੇ ਘਰ ਪੁੱਜਣ ’ਤੇ ਮਾਂ ਨੇ ਸੁੱਖ ਦਾ ਸਾਹ ਲਿਆ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਬਲਾਕ ਭੋਗਪੁਰ ਦੇ ਪਿੰਡ ਡੱਲਾ ਦੇ ਮਰਹੂਮ ਜਸਵਿੰਦਰ ਸਿੰਘ ਦੀ ਇਕਲੌਤੀ ਬੇਟੀ ਯਤਨਜੀਤ ਕੌਰ ਦੇ ਯੂਕਰੇਨ ਤੋਂ ਘਰ ਪਰਤਣ ’ਤੇ ਪਿਛਲੇ ਗਿਆਰਾਂ ਦਿਨਾਂ ਤੋਂ ਉਡੀਕ ਰਹੀ ਮਾਂ ਨੇ ਸੁੱਖ ਦਾ ਸਾਹ ਲਿਆ। ਯਤਨਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਖਾਰਕੀਵ ਵਿੱਚ ਪੜ੍ਹ ਰਹੀ ਸੀ ਪਰ ਰੂਸ ਦੇ ਯੂਕਰੇਨ ’ਤੇ ਹਮਲੇ ਕਾਰਨ ਪੜ੍ਹਾਈ ਵਿਚਾਲੇ ਛੱਡ ਕੇ ਆਉਣਾ ਪਿਆ। ਉਸ ਨੇ ਦੱਸਿਆ ਕਿ ਰੂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਕਾਰਨ ਉਹ ਆਪਣੀਆਂ ਸਾਥਣਾਂ ਨਾਲ ਮੈਟਰੋ ਸਟਸ਼ਨ ਦੀ ਬੇਸਮੈਂਟ ਵਿੱਚ ਰਹਿ ਰਹੀ ਸੀ। ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਮੁੱਕਣ ’ਤੇ ਉਨ੍ਹਾਂ ਨੂੰ ਮਜਬੂਰਨ ਉੱਥੋਂ 23 ਦਾ ਘੰਟੇ ਗੱਡੀ ਵਿੱਚ ਸਫ਼ਰ ਕਰਕੇ ਲਵੀਵ ਪਹੁੰਚਣਾ ਪਿਆ। ਇਸ ਮਗਰੋਂ ਅੱਗੇ ਹੋਰ 12 ਘੰਟੇ ਦਾ ਟੈਕਸੀ ਵਿੱਚ ਸਫ਼ਰ ਕਰਕੇ ਅਤੇ ਤਿੰਨ ਘੰਟੇ ਦਾ ਪੈਦਲ ਚੱਲ ਕੇ ਉਹ ਪੋਲੈਂਡ ਦੀ ਸਰਹੱਦ ’ਤੇ ਪਹੁੰਚੇ। ਪੋਲੈਂਡ ਪਹੁੰਚ ਕੇ ਉਹ ਇੱਕ ਆਸ਼ਰਮ ਵਿੱਚ ਰੁਕੇ ਅਤੇ ਬਾਅਦ ਵਿੱਚ ਇੱਕ ਹੋਟਲ ’ਚ ਰਹਿਣ ਮਗਰੋਂ ਪੋਲੈਂਡ ਦੇ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ। ਯਤਨਜੀਤ ਕੌਰ ਨੇ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਵਿਦਿਆਰਥੀਆਂ ਨੂੰ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਯੂਕਰੇਨ ਤੋਂ ਕੱਢ ਲਿਆ ਸੀ ਪਰ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਯੂਕਰੇਨ ਰਹਿਣਾ ਜਾਂ ਭਾਰਤ ਆਉਣਾ ਵਿਦਿਆਰਥੀਆਂ ਦੀ ਮਰਜ਼ੀ ਹੈ। ਇਸ ਤੋਂ ਇਲਾਵਾ ਹਵਾਈ ਟਿਕਟਾਂ ਵੀ ਮਹਿੰਗੀਆਂ ਕਰ ਦਿੱਤੀਆਂ ਗਈਆਂ, ਜਿਸ ਕਰਕੇ ਵਿਦਿਆਰਥੀ ਉਥੇ ਫਸ ਗਏ। ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕੋਟਲੀ ਬੀਡੀਪੀਓ ਰਾਮ ਲੁਭਾਇਆ, ਚੇਅਰਮੈਨ ਸਤਨਾਮ ਸਿੰਘ ਅਤੇ ਮੀਰਾ ਸ਼ਰਮਾ ਨੇ ਯਤਨਜੀਤ ਕੌਰ ਦਾ ਸਵਾਗਤ ਕੀਤਾ।