ਲਖਵੀਰ ਸਿੰਘ ਚੀਮਾ
ਟੱਲੇਵਾਲ, 1 ਫਰਵਰੀ
ਆਮ ਆਦਮੀ ਪਾਰਟੀ ਦੇ ਗੜ੍ਹ ਵਜੋਂ ਜਾਣੇ ਜਾਂਦੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਹੈ। ਚੰਨੀ ਦੇ ਉਮੀਦਵਾਰ ਬਣਨ ਨਾਲ ਭਾਵੇਂ ਹਲਕਾ ਭਦੌੜ ਵਿੱਚ ਕਾਂਗਰਸ ’ਚ ਕੁਝ ਜਾਨ ਪਈ ਹੈ ਪਰ ਗੁਆਂਢੀ ਹਲਕੇ ਮਹਿਲ ਕਲਾਂ ਵਿੱਚ ਪਾਰਟੀ ਦੀ ਹਾਲਤ ਪਿਛਲੀ ਵਾਰ ਦੀ ਤਰ੍ਹਾਂ ਪਤਲੀ ਹੀ ਹੈ। ਪਾਰਟੀ ਨੇ ਮਹਿਲ ਕਲਾਂ ਤੋਂ ਬੀਬੀ ਹਰਚੰਦ ਕੌਰ ਨੂੰ ਉਮੀਦਵਾਰ ਬਣਾਇਆ ਹੈ, ਜਿਨ੍ਹਾਂ ਦਾ ਹਲਕੇ ਵਿਚਲੇ ਕਾਂਗਰਸੀ ਵਰਕਰਾਂ ਅਤੇ ਸਰਪੰਚਾਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ।
ਹਲਕੇ ਵਿਚਲੇ ਕਾਂਗਰਸ ਪਾਰਟੀ ਦਾ ਵੱਡਾ ਕੇਡਰ ਪਿਛਲੇ ਦੋ-ਤਿੰਨ ਸਾਲਾਂ ਤੋਂ ਬੀਬੀ ਹਰਚੰਦ ਕੌਰ ਤੋਂ ਨਾਰਾਜ਼ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਹਰਚੰਦ ਕੌਰ ਦੀ ਥਾਂ ਕਿਸੇ ਹੋਰ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਹਾਈਕਮਾਂਡ ਨੇ ਉਨ੍ਹਾਂ ਦੀ ਨਾ ਸੁਣ ਕੇ ਹਰਚੰਦ ਕੌਰ ਨੂੰ ਹੀ ਉਮੀਦਵਾਰ ਐਲਾਨਿਆ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਹਿਲ ਕਲਾਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਵੱਡੀ ਲੀਡ ਨਾਲ ਜਿੱਤੇ ਸਨ ਅਤੇ ਕਾਂਗਰਸ ਦੇ ਹਰਚੰਦ ਕੌਰ ਤੀਜੇ ਨੰਬਰ ’ਤੇ ਰਹੇ ਸਨ। ਇਸੇ ਤਰ੍ਹਾਂ 2019 ਲੋਕ ਸਭਾ ਚੋਣਾਂ ਦੌਰਾਨ ਵੀ ‘ਆਪ’ ਦੇ ਭਗਵੰਤ ਮਾਨ ਨੂੰ ਇਸ ਹਲਕੇ ਤੋਂ ਵੱਡੀ ਲੀਡ ਮਿਲੀ ਸੀ। ਮੌਜੂਦਾ ‘ਆਪ’ ਵਿਧਾਇਕ ਪ੍ਰਤੀ ਵੀ ਹਲਕੇ ਦੇ ਲੋਕਾਂ ਦੀ ਨਾਰਾਜ਼ਗੀ ਰਹੀ ਹੈ ਪਰ ਕਾਂਗਰਸ ਦੀ ਪਤਲੀ ਹਾਲਤ ਕਾਰਨ ‘ਆਪ’ ਮੁੜ ਇਸ ਹਲਕੇ ਤੋਂ ਮਜ਼ਬੂਤ ਦਿਖ਼ਾਈ ਦੇ ਰਹੀ ਹੈ। ‘ਆਪ’ ਦਾ ਗੜ੍ਹ ਤੋੜਨ ਲਈ ਭਾਵੇਂ ਚੰਨੀ ਨੂੰ ਭਦੌੜ ਹਲਕੇ ਤੋਂ ਉਤਾਰਿਆ ਗਿਆ ਪਰ ਮਹਿਲ ਕਲਾਂ ਤੋਂ ਕਾਂਗਰਸ ਹਾਲੇ ਵੀ ਕਾਫ਼ੀ ਪੱਛੜੀ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ ਇਹ ਹਲਕਾ ਇਸ ਵਾਰ ਗੱਠਜੋੜ ’ਚੋਂ ਬਸਪਾ ਦੇ ਹਿੱਸੇ ਆਇਆ ਹੈ। ਗੱਠਜੋੜ ਨੇ ਚਮਕੌਰ ਸਿੰਘ ਵੀਰ ਨੂੰ ਉਮੀਦਵਾਰ ਐਲਾਨਿਆ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਐਡਵੋਕੇਟ ਜਸਵੀਰ ਸਿੰਘ ਖੇੜੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਬਾਬਾ ਸੁਖਵਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ।