ਹਰਪ੍ਰੀਤ ਕੌਰ
ਹੁਸ਼ਿਆਰਪੁਰ, 18 ਦਸੰਬਰ
ਸਾਲ 2008 ਵਿੱਚ ਹੋਈ ਨਵੀਂ ਹੱਦਬੰਦੀ ਦੌਰਾਨ ਮਾਹਿਲਪੁਰ ਹਲਕੇ ਦੀ ਥਾਂ ’ਤੇ ਚੱਬੇਵਾਲ ਹਲਕਾ ਹੋਂਦ ਵਿੱਚ ਆਇਆ। ਇਹ ਇਲਾਕਾ ਅਕਾਲੀਆਂ ਦਾ ਗੜ੍ਹ ਰਿਹਾ ਹੈ। 1992 ਵਿੱਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਨੇ ਇਸ ਹਲਕੇ ਤੋਂ ਚੋਣ ਜਿੱਤੀ। ਸਾਲ 1997 ਤੋਂ 2017 ਤੱਕ ਇਸ ਦੀ ਪ੍ਰਤੀਨਿਧਤਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੋਹਣ ਸਿੰਘ ਠੰਡਲ ਨੇ ਕੀਤੀ। ਸਾਲ 2017 ਵਿੱਚ ਕਾਂਗਰਸ ਦੇ ਡਾ. ਰਾਜ ਕੁਮਾਰ ਨੇ ਠੰਡਲ ਨੂੰ ਭਾਰੀ ਫ਼ਰਕ ਨਾਲ ਹਰਾ ਕੇ ਇਸ ’ਤੇ ਕਬਜ਼ਾ ਕੀਤਾ।
ਡਾ. ਰਾਜ ਕੁਮਾਰ ਨੇ 2019 ’ਚ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਕਾਮਯਾਬ ਨਹੀਂ ਹੋਏ, ਜਿਸ ਪਿੱਛੋਂ ਉਨ੍ਹਾਂ ਆਪਣਾ ਸਾਰਾ ਧਿਆਨ ਚੱਬੇਵਾਲ ਹਲਕੇ ਵੱਲ ਕੇਂਦਰਿਤ ਕਰ ਦਿੱਤਾ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸਸੀ ਵਿਭਾਗ ਦੇ ਚੇਅਰਮੈਨ ਵੀ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਚੱਬੇਵਾਲ ਵਿੱਚ ਵਿਕਾਸ ਕਾਰਜਾਂ ’ਚ ਤੇਜ਼ੀ ਆਈ ਹੈ। ਸੜਕਾਂ ਬਣ ਰਹੀਆਂ ਹਨ, ਪਿੰਡਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਟਿਊਬਵੈੱਲਾਂ ਦੇ ਉਦਘਾਟਨ ਹੋ ਰਹੇ ਹਨ। ਬੀਤੇ ਦਿਨੀਂ ਬਿਸਤ-ਦੋਆਬ ਨਹਿਰ ਦੇ ਨਾਲ-ਨਾਲ ਜਾਂਦੀ ਕੋਟ ਫਤੂਹੀ ਤੋਂ ਮੇਹਟੀਆਣਾ ਤੱਕ ਦੀ 18 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ’ਤੇ 10.28 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਹਾਲਾਂਕਿ ਸ਼ੁਰੂ ’ਚ ਹੀ ਇਸ ਦੇ ਨਿਰਮਾਣ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਹ ਸੜਕ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਬਣੀ ਸੀ ਪਰ ਮਿਆਦ ਪੂਰੀ ਨਹੀਂ ਕਰ ਸਕੀ ਸੀ। ਜਿੱਥੋਂ ਤੱਕ ਬਾਕੀ ਸੜਕਾਂ ਦਾ ਸਵਾਲ ਹੈ, ਮੈਲੀ ਤੋਂ ਜੇਜੋਂ ਤੱਕ ਸੜਕ ਬਣ ਗਈ ਹੈ, ਜਦਕਿ ਅੱਤੋਵਾਲ ਤੋਂ ਭੂੰਗਰਨੀ ਅਤੇ ਖੜੌਦੀ ਤੋਂ ਪੰਡੋਰੀ ਗੰਗਾ ਸਿੰਘ ਤੱਕ ਜੋ 18 ਫੁੱਟ ਚੌੜੀਆਂ ਸੜਕਾਂ ਬਣਨੀਆਂ ਸਨ, ਉਨ੍ਹਾਂ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ। ਪੁਲਾਂ ਦਾ ਕੰਮ ਵੀ ਅਜੇ ਅਧੂਰਾ ਹੈ। ਹਲਕਾ ਵਿਧਾਇਕ ਵੱਲੋਂ ਚਾਰ ਵੱਡੇ ਪੁਲਾਂ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਫਿਲਹਾਲ ਬਿਛੋਹੀ ਵਾਲਾ ਪੁਲ ਹੀ ਬਣ ਕੇ ਤਿਆਰ ਹੋਇਆ ਹੈ। ਬਿਜਲੀ ਬੋਰਡ ਦੇ ਦਫ਼ਤਰ ਦੀ ਇਮਾਰਤ ਜਰਜਰ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ। ਸਰਕਾਰੀ ਸਿਹਤ ਕੇਂਦਰਾਂ ਵਿੱਚ ਸਟਾਫ਼ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਪਿਛਲੇ ਪੰਜ ਸਾਲਾਂ ਦੌਰਾਨ ਲਿੰਕ ਸੜਕਾਂ ਦੀ ਹਾਲਤ ਜ਼ਰੂਰ ਸੁਧਰੀ ਨਜ਼ਰ ਆਉਂਦੀ ਹੈ। ਸਰਕਾਰੀ ਸੂਤਰਾਂ ਅਨੁਸਾਰ ਕੁਝ ਨਵੀਆਂ ਸੜਕਾਂ ਦੇ ਟੈਂਡਰ ਅਲਾਟ ਹੋ ਚੁੱਕੇ ਹਨ। ਸਿੰਜਾਈ ਲਈ ਹਲਕੇ ’ਚ 51 ਟਿਊਬਵੈੱਲ ਮਨਜ਼ੂਰ ਹੋਏ ਸਨ, ਜਿਨ੍ਹਾਂ ਵਿੱਚੋਂ 32 ਲੱਗੇ ਹਨ। ਮੁਖਲਿਆਣਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਕੰਮ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜੋ ਮੁਕੰਮਲ ਹੋਣ ਨੇੜੇ ਹੈ।
ਡਾ. ਰਾਜ ਦਾ ਦਾਅਵਾ ਹੈ ਕਿ ਪਿਛਲੇ ਪੰਜ ਸਾਲਾਂ ’ਚ ਉਨ੍ਹਾਂ ਜੋ ਕੰਮ ਕਰਵਾਏ, ਅਕਾਲੀ ਵਿਧਾਇਕ 20 ਸਾਲਾਂ ਵਿੱਚ ਵੀ ਨਹੀਂ ਕਰਵਾ ਸਕੇ। ਉਨ੍ਹਾਂ ਪਿੰਡਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਗਰਾਂਟ ਦਿੱਤੇ ਜਾਣ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀਆਂ ਦੀ ਕਾਇਆਕਲਪ ’ਤੇ ਸਾਢੇ 6 ਕਰੋੜ ਰੁਪਏ ਖਰਚੇ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਹਲਕਾ ਚੱਬੇਵਾਲ ਦੇ ਵਸਨੀਕਾਂ ਦੇ 40 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋਏ, ਜਿਨ੍ਹਾਂ ਵਿਚੋਂ 29.50 ਕਰੋੜ ਰੁਪਏ ਕਿਸਾਨਾਂ ਦੇ ਅਤੇ 11 ਕਰੋੜ ਰੁਪਏ ਗਰੀਬ ਪਰਿਵਾਰਾਂ ਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮਨਜ਼ੂਰ ਹੋਏ ਬਾਕੀ ਟਿਊਬਵੈੱਲ ਵੀ ਛੇਤੀ ਲੱਗ ਜਾਣਗੇ।
ਹਲਕੇ ਦੇ ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਆਏ ਪੈਸੇ ਸੜਕਾਂ ’ਤੇ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ’ਤੇ ਝੂਠੇ ਮੁਕੱਦਮੇ ਦਰਜ ਕਰਵਾਉਣਾ ਤੇ ਪੰਚਾਇਤੀ ਕੰਮਾਂ ’ਚ ਧੱਕੇਸ਼ਾਹੀ ਕਰਨਾ ਹੀ ਮੌਜੂਦਾ ਵਿਧਾਇਕ ਦੀ ਉਪਲੱਬਧੀ ਰਹੀ ਹੈ। ਉਨ੍ਹਾਂ ਰਾਸ਼ਨ ਵੰਡ ਵਿੱਚ ਵੀ ਵਿਤਕਰਾ ਕਰਨ ਦਾ ਦੋਸ਼ ਲਗਾਇਆ।
ਆਮ ਆਦਮੀ ਪਾਰਟੀ ਦੇ ਆਗੂ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਧਾਇਕ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ। ਨਾ ਘਰ-ਘਰ ਨੌਕਰੀ ਮਿਲੀ, ਨਾ ਸ਼ਗਨ ਸਕੀਮ ਦੇ ਪੈਸੇ ਅਤੇ ਨਾ ਹੀ 5-5 ਮਰਲੇ ਦੇ ਪਲਾਟ ਲੋਕਾਂ ਨੂੰ ਨਸੀਬ ਹੋਏ। ਉਨ੍ਹਾਂ ਹਲਕੇ ’ਚ ਨਸ਼ੇ ਦੇ ਵੱਧ ਰਹੇ ਕਾਰੋਬਾਰ ਪ੍ਰਤੀ ਹਲਕਾ ਵਿਧਾਇਕ ਦੇ ਅਵੇਸਲੇਪਨ ਦੀ ਵੀ ਆਲੋਚਨਾ ਕੀਤੀ।