ਜਗਜੀਤ ਸਿੰਘ
ਮੁਕੇਰੀਆਂ, 11 ਸਤੰਬਰ
ਪਿੰਡ ਮਨਸੂਰਪੁਰ ਵਿੱਚ ਪੰਚਾਇਤ ਵੱਲੋਂ ਛੱਪੜਾਂ ਦੀ ਸਫਾਈ ’ਤੇ ਕਰੀਬ 30 ਲੱਖ ਰੁਪਏ ਖਰਚੇ ਜਾਣ ਦੇ ਬਾਵਜੂਦ ਪਿੰਡ ਦੀ ਨਿਕਾਸੀ ਦਾ ਗੰਦਾ ਪਾਣੀ ਇੱਕ ਮਹਿਲਾ ਕਿਸਾਨ ਦੀ ਕਰੀਬ ਸੱਤ-ਅੱਠ ਏਕੜ ਫਸਲ ਪਿਛਲੇ ਕਈ ਸਾਲਾਂ ਤੋਂ ਤਬਾਹ ਕਰ ਰਿਹਾ ਹੈ। ਪਿੰਡ ਵਿੱਚ ਗੰਦਾ ਪਾਣੀ ਸੰਭਾਲਣ ਦੀ ਸਮਰੱਥਾ ਵਾਲਾ ਇੱਕ ਛੱਪੜ ਹੋਣ ਦੇ ਬਾਵਜੂਦ ਪੰਚਾਇਤ ਕੁਝ ਰਸੂਖਦਾਰਾਂ ਦੇ ਵਿਰੋਧ ਕਾਰਨ ਇਸ ’ਚ ਗੰਦਾ ਪਾਣੀ ਸੁੱਟਣ ਤੋਂ ਟਾਲਾ ਵੱਟ ਰਹੀ ਹੈ। ਪਿੰਡ ਦੀ ਮਹਿਲਾ ਕਿਸਾਨ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸੜਕ ਨਾਲ ਲੱਗਦੀ ਕਰੀਬ ਸੱਤ-ਅੱਠ ਏਕੜ ਜ਼ਮੀਨ ’ਚ ਨਿਕਾਸੀ ਦਾ ਪਾਣੀ ਪੈਣ ਕਾਰਨ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਹਰ ਸਬੰਧਤ ਦਫ਼ਤਰ ਨੂੰ ਸ਼ਿਕਾਇਤਾਂ ਦੇ ਚੁੱਕੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਉਹ ਕੌਮੀ ਗਰੀਨ ਟ੍ਰਿਬਿਊਨਲ ਤੱਕ ਪਹੁੰਚ ਕਰੇਗੀ। ਮਹਿਲਾ ਕਿਸਾਨ ਨੇ ਦੱਸਿਆ ਕਿ ਉਸ ਦੀ ਜ਼ਮੀਨ ਵਿੱਚ ਡਿੱਗਣ ਵਾਲਾ ਗੰਦਾ ਪਾਣੀ ਨਹਿਰੀ ਵਿਭਾਗ ਦੇ ਖਾਲੇ ਰਾਹੀਂ ਆਉਂਦਾ ਹੈ ਅਤੇ ਉਹ ਕਈ ਵਾਰ ਨਹਿਰੀ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੀ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਰਿੰਪੀ ਦੇਵੀ ਨੇ ਕਿਹਾ ਕਿ ਪਿੰਡ ਦੇ ਤਿੰਨ ਛੱਪੜਾਂ ਦੀ ਸਫਾਈ ’ਤੇ 30 ਲੱਖ ਖਰਚੇ ਗਏ ਹਨ, ਪਰ ਛੱਪੜਾਂ ਦੀ ਜ਼ਮੀਨ ’ਤੇ ਕਬਜ਼ਾ ਹੋਣ ਕਾਰਨ ਪਾਣੀ ਓਵਰਫਲੋਅ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਇੱਕ ਛੱਪੜ ਵਿੱਚ ਪਾਣੀ ਪੈ ਸਕਦਾ ਹੈ, ਪਰ ਪ੍ਰਾਜੈਕਟ ਲਈ ਫੰਡਾਂ ਦੀ ਘਾਟ ਹੋਣ ਕਾਰਨ ਉਹ ਮਜਬੂਰ ਹਨ।
ਨਹਿਰੀ ਖਾਲ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਬੰਨ੍ਹ ਮਾਰਿਆ: ਐੱਸਡੀਓ
ਬੀਡੀਪੀਓ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ’ਚ ਇੱਥੇ ਚਾਰਜ ਸੰਭਾਲਿਆ ਹੈ। ਪੰਚਾਇਤ ਸਕੱਤਰ ਤੇ ਸਰਪੰਚ ਕੋਲੋਂ ਤੁਰੰਤ ਮਾਮਲੇ ਦੀ ਰਿਪੋਰਟ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ, ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਨਹਿਰੀ ਖਾਲ ਵਿੱਚ ਪਾਣੀ ਪੈਣ ਤੋਂ ਰੋਕਣ ਲਈ ਬੰਨ੍ਹ ਮਾਰਿਆ ਹੋਇਆ ਹੈ ਅਤੇ ਇਸ ਕਾਰਵਾਈ ਦੀ ਬਾਕਾਇਦਾ ਵੀਡੀਓਗ੍ਰਾਫ਼ੀ ਕੀਤੀ ਗਈ ਹੈ। ਨਹਿਰੀ ਖਾਲ ਵਿੱਚ ਪਾਣੀ ਪੈਣ ਤੋਂ ਰੋਕਣ ਵਾਸਤੇ ਪੰਚਾਇਤ ਨੂੰ ਹਦਾਇਤਾਂ ਜਾਰੀ ਕਰਨ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਡੀਡੀਪੀਓ ਤੇ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨਹਿਰੀ ਵਿਭਾਗ ਦਾ ਬੰਨ੍ਹ ਤੋੜਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਹੈ।