ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 12 ਸਤੰਬਰ
ਸਥਾਨਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਨੇ ਅੱਜ ਹਾਈ ਕੋਰਟ ਕੋਲ ਇੱਕ ਵਧੀਕ ਜ਼ਿਲ੍ਹਾ ਜੱਜ ਦੀ ਸ਼ਿਕਾਇਤ ਕਰਦਿਆਂ ਅਣਮਿੱਥੇ ਸਮੇਂ ਲਈ ਅਦਾਲਤਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਫ਼ਰੀਦਕੋਟ ਦਾ ਉਕਤ ਵਧੀਕ ਜ਼ਿਲ੍ਹਾ ਜੱਜ ਦਿਨ ਦੀ ਥਾਂ ਰੋਜ਼ਾਨਾ ਦੇਰ ਰਾਤ ਤੱਕ ਅਦਾਲਤ ਚਲਾਉਂਦਾ ਹੈ ਤੇ ਅਦਾਲਤ ’ਚ ਬੈਠਣ ਦੀ ਥਾਂ ਆਪਣੇ ਰਿਟਾਇਰਿੰਗ ਰੂਮ ਵਿੱਚ ਬੈਠਦਾ ਹੈ। ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਕਾਰਜਕਾਰੀ ਪ੍ਰਧਾਨ ਸਰਨਾਮ ਸਿੰਘ ਸੰਧੂ,ਨੇ ਕਿਹਾ ਕਿ ਫ਼ਰੀਦਕੋਟ ਦੇ ਕੁਝ ਜੱਜ ਲਗਾਤਾਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਦੁਰਵਿਹਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੁਡੀਸ਼ੀਅਲ ਅਧਿਕਾਰੀਆਂ ਨੇ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅਦਾਲਤਾਂ ਦੇ ਬਾਈਕਾਟ ਦਾ ਐਲਾਨ ਕਰਨਾ ਪਿਆ ਹੈ।