ਸੰਜੀਵ ਬੱਬੀ
ਚਮਕੌਰ ਸਾਹਿਬ, 28 ਜਨਵਰੀ
ਹਲਕਾ ਚਮਕੌਰ ਸਾਹਿਬ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਤੇ ਹੁਣ ਚੌਥੀ ਵਾਰ ਕਿਸਮਤ ਅਜ਼ਮਾ ਰਹੇ ਚਰਨਜੀਤ ਸਿੰਘ ਚੰਨੀ ਲਈ ਵਿਧਾਨ ਸਭਾ ਦਾ ਰਾਹ ਇਸ ਵਾਰ ਆਸਾਨ ਨਹੀਂ ਜਾਪ ਰਿਹਾ। ਬੇਸ਼ੱਕ ਉਨ੍ਹਾਂ ਦੇ ਕੱਦ ਦਾ ਆਗੂ ਮੁਕਾਬਲੇ ਵਿੱਚ ਨਹੀਂ ਹੈ ਪਰ ਬਦਲੇ ਹੋਏ ਹਾਲਾਤ ਅਤੇ ਬਹੁਕੋਣੇ ਮੁਕਾਬਲੇ ਨੇ ਸਾਰੇ ਸਮੀਕਰਨ ਉਲਝਾ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਹਲਕੇ ਵਿੱਚ ਪਿਛਲੇ ਦਿਨਾਂ ਤੋਂ ਚੋਣ ਪ੍ਰਚਾਰ ਕਾਫੀ ਭਖਾਇਆ ਹੋਇਆ ਹੈ। ਉਨ੍ਹਾਂ 2017 ਦੀਆਂ ਚੋਣਾਂ ਵਿੱਚ ਚੰਨੀ ਨੂੰ ਸਖ਼ਤ ਟੱਕਰ ਦਿੱਤੀ ਸੀ। ਉਨ੍ਹਾਂ ਤੋਂ ਇਲਾਵਾ ਹਲਕੇ ਤੋਂ ਪੰਜ ਵਾਰ ਵਿਧਾਇਕ ਰਹੇ ਮਰਹੂਮ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਤੇ ਸਾਬਕਾ ਪੁਲੀਸ ਅਧਿਕਾਰੀ ਹਰਮੋਹਣ ਸਿੰਘ ਸੰਧੂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਹਨ। ਸ੍ਰੀ ਸੰਧੂ ਦੇ ਪਰਿਵਾਰ ਦਾ ਇਮਾਨਦਾਰ ਅਕਸ ਉਨ੍ਹਾਂ ਦੇ ਹੱਕ ਵਿੱਚ ਜਾ ਰਿਹਾ ਹੈ, ਜਿਸ ਕਰਕੇ ਉਹ ਵੀ ਚੰਨੀ ਨੂੰ ਸਖ਼ਤ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਦਿਨ ਭਾਜਪਾ ਨੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਉਮੀਦਵਾਰ ਐਲਾਨਿਆ ਹੈ ਤਾਂ ਮੁਕਾਬਲਾ ਹੁਣ ਚਹੁੰ-ਕੋਨਾ ਹੋ ਗਿਆ ਹੈ। ਉਹ ਹਲਕੇ ਦੇ ਪਿੰਡਾਂ ਵਿੱਚ ਪਿਛਲੇ 10 ਸਾਲਾਂ ਤੋਂ ਵਿਚਰਦੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਿੰਡਾਂ ਵਿੱਚ ਗ੍ਰਾਂਟਾਂ ਦੀ ਵੰਡ ਕਰਦਿਆਂ ਐਲਾਨ ਕੀਤਾ ਸੀ ਕਿ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਹ ਚੋਣਾਂ ਵੇਲੇ ਨਹੀਂ ਆ ਸਕਣਗੇ, ਇਸ ਲਈ ਲੋਕ ਹੀ ਉਨ੍ਹਾਂ ਦਾ ਪ੍ਰਚਾਰ ਕਰਨ। ਹੁਣ ਬਦਲੇ ਹਾਲਾਤ ਕਾਰਨ ਉਹ ਹਲਕੇ ਵਿੱਚ ਆ ਕੇ ਚੋਣ ਪ੍ਰਚਾਰ ਕਰਨ ਲਈ ਮਜਬੂਰ ਹਨ।