ਚਰਨਜੀਤ ਭੁੱਲਰ
ਚੰਡੀਗੜ੍ਹ, 29 ਜੂਨ
ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਵਿੱਚ ਅੱਜ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸ਼ੁਰੂ ਹੋਈ ਸਰਕਾਰੀ ਬੱਸ ਸੇਵਾ ਦੇ ਮਾਮਲੇ ’ਤੇ ਹੰਗਾਮਾ ਹੋਇਆ| ਵਿਰੋਧੀ ਧਿਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦਿੱਲੀ ਦੀ ‘ਆਪ’ ਸਰਕਾਰ ਵੱਲੋਂ ਪਹਿਲਾਂ ਕਿਸ ਆਧਾਰ ’ਤੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ| ਹਾਕਮ ਤੇ ਵਿਰੋਧੀ ਧਿਰ ਵਿੱਚ ਕਾਫ਼ੀ ਤਿੱਖੀ ਬਹਿਸ ਵੀ ਹੋਈ ਜਿਸ ਨਾਲ ਸਦਨ ਦੀ ਕਾਰਵਾਈ ਵਿੱਚ ਵਿਘਨ ਵੀ ਪੈਂਦਾ ਰਿਹਾ| ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਤਾਪ ਸਿੰਘ ਬਾਜਵਾ ਤੇ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਪੁੱਛੇ ਸੁਆਲ ਦਾ ਜੁਆਬ ਦਿੱਤਾ| ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ 19 ਸੁਪਰ ਇੰਟੈਗਰਲ ਕੋਚ ਬੱਸਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਦਾ ਟਾਈਮ ਟੇਬਲ ਵੀ ਬੱਸ ਭਾੜੇ ਸਮੇਤ ਸਦਨ ਵਿਚ ਸਾਂਝਾ ਕੀਤਾ ਗਿਆ| ਬਾਜਵਾ ਨੇ ਪੁੱਛਿਆ ਕਿ ਜਦੋਂ ਕਾਂਗਰਸ ਸਰਕਾਰ ਨੇ ਵਾਰ-ਵਾਰ ਦਿੱਲੀ ਸਰਕਾਰ ਨੂੰ ਪੱਤਰ ਲਿਖੇ ਤਾਂ ਦਿੱਲੀ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਅਤੇ ਹੁਣ ਸਹਿਮਤੀ ਦੇ ਦਿੱਤੀ| ਉਨ੍ਹਾਂ ਕਿਹਾ ਕਿ ਕਿਸ ਕਾਨੂੰਨ ਤਹਿਤ ਪੰਜਾਬ ਨੂੰ ਇਸ ਤੋਂ ਵਾਂਝਾ ਰੱਖਿਆ|
ਲਾਲਜੀਤ ਭੁੱਲਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਰੋਕ ਲਗਾਈ ਹੋਈ ਸੀ ਅਤੇ ਹੁਣ ਮਨਜ਼ੂਰੀ ਮਿਲੀ ਹੈ| ਪੁਰਾਣੀ ਪੰਜਾਬ ਸਰਕਾਰ ਦੀ ਨੀਅਤ ਵੀ ਨਹੀਂ ਸੀ| ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਦਿੱਲੀ ਸਰਕਾਰ ਤੱਕ ਪਹੁੰਚ ਕੀਤੀ ਅਤੇ ਪਹਿਲਾਂ ਪੰਜ ਵਰ੍ਹੇ ਕੋਈ ਪਹਿਲਕਦਮੀ ਨਹੀਂ ਕੀਤੀ| ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮੁੱਦੇ ’ਤੇ ਕਿਹਾ ਕਿ ਕਾਂਗਰਸ ਹਕੂਮਤ ਦੌਰਾਨ 13 ਚਿੱਠੀਆਂ ਲਿਖੀਆਂ ਗਈਆਂ ਅਤੇ ਉਨ੍ਹਾਂ ਨੇ ਖੁਦ ਕੇਜਰੀਵਾਲ ਸਰਕਾਰ ਨਾਲ ਗੱਲ ਕੀਤੀ| ਸ੍ਰੀ ਬਾਜਵਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪਾਬੰਦੀ ਕਰਕੇ ਪੰਜ ਸਾਲਾਂ ਵਿਚ ਸਰਕਾਰੀ ਟਰਾਂਸਪੋਰਟ ਨੂੰ 25 ਕਰੋੜ ਦਾ ਘਾਟਾ ਪਿਆ| ਬਾਜਵਾ ਨੇ ਸੁਪਰੀਮ ਕੋਰਟ ਦੇ ਪਾਬੰਦੀ ਲਗਾਉਣ ਵਾਲੇ ਆਰਡਰਾਂ ਦੀ ਮੰਗ ਕੀਤੀ| ਸਦਨ ਵਿਚ ਇਸ ਮੌਕੇ ਹਾਕਮ ਧਿਰ ਦੇ ਵਿਧਾਇਕ ਤਲਖ਼ੀ ਵਿਚ ਆ ਗਏ ਅਤੇ ਕਾਫ਼ੀ ਸਮਾਂ ਰੌਲਾ-ਰੱਪਾ ਪਿਆ|
ਸਪੀਕਰ ਨੇ ਮੁਸ਼ਕਲ ਨਾਲ ਵਿਧਾਇਕਾਂ ਨੂੰ ਬੈਚਾਂ ’ਤੇ ਬਿਠਾਇਆ|ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿਚ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਘਨੌਰ ਹਲਕੇ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਕੋਈ ਸਮੱਸਿਆ ਨਹੀਂ ਜਦਕਿ ਵਿਧਾਇਕ ਨੇ ਕਿਹਾ ਕਿ ਬਨੂੜ ਨਹਿਰ ਦਾ ਕੰਮ 90 ਫ਼ੀਸਦੀ ਮੁਕੰਮਲ ਹੈ ਅਤੇ ਬਾਕੀ ਕੰਮ ਵੀ ਮੁਕੰਮਲ ਕਰਾਇਆ ਜਾਵੇ|
ਸਦਨ ਵਿਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਛੱਪੜਾਂ ਦੀ ਸਫਾਈ ਦਾ ਮੁੱਦਾ ਉਠਾਇਆ| ਜਵਾਬ ਵਿਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਛੱਪੜਾਂ ਦੀ ਸਫ਼ਾਈ ਮਗਨਰੇਗਾ ਮਜ਼ਦੂਰਾਂ ਤੋਂ ਕਰਾਈ ਜਾ ਰਹੀ ਹੈ| ਰਾਜਾ ਵੜਿੰਗ ਨੇ ਕਿਹਾ ਕਿ ਮਸ਼ੀਨਾਂ ਨਾਲ ਛੱਪੜਾਂ ਦੀ ਸਫਾਈ ਹੋਰ ਬਿਹਤਰ ਹੋ ਸਕਦੀ ਹੈ ਜਦੋਂ ਕਿ ਇੱਕ ਵਿਧਾਇਕ ਨੇ ਤਨਜ਼ ਕੱਸਿਆ ਕਿ ਕਾਂਗਰਸੀ ਰਾਜ ਵਿਚ ਛੱਪੜਾਂ ਦੀ ਸਫ਼ਾਈ ਕਾਗ਼ਜ਼ਾਂ ਵਿਚ ਹੁੰਦੀ ਸੀ| ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਪਿੰਡ ਸੰਧਵਾਂ ਦੀ ਸਫਾਈ ਲਈ ਆਖਿਆ| ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਉਠਾਏ ਸੁਆਲ ਦਾ ਜੁਆਬ ਦਿੰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਹਲਕਾ ਬਾਘਾਪੁਰਾਣਾ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਹਾਲੇ ਕੋਈ ਵਿਚਾਰ ਨਹੀਂ ਹੈ| ਯੋਗ ਜਗ੍ਹਾ ਦੀ ਪਛਾਣ ਮਗਰੋਂ ਫੰਡ ਮਿਲਣ ਦੀ ਸੂਰਤ ਵਿਚ ਵਿਚਾਰ ਕੀਤਾ ਜਾ ਸਕਦਾ ਹੈ|
ਰਾਜਪੁਰਾ ਆਈਟੀਆਈ ਵਿੱਚ ਨਵੇਂ ਕੋਰਸ ਚੱਲਣਗੇ: ਮੀਤ ਹੇਅਰ
ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਰਾਜਪੁਰਾ ਦੀ ਆਈਟੀਆਈ’ਜ਼ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਰਾਜਪੁਰਾ ਦੀਆਂ ਦੋਵੇਂ ਆਈਟੀਆਈ’ਜ਼ ਦਾ ਬੁਨਿਆਦੀ ਢਾਂਚਾ ਪੁਰਾਣਾ ਨਹੀਂ ਹੈ ਅਤੇ ਇਨ੍ਹਾਂ ਵਿੱਚੋਂ ਲੜਕੀਆਂ ਦੀ ਆਈਟੀਆਈ ਵਿਚ 12 ਅਤੇ ਦੂਸਰੀ ਆਈਟੀਆਈ ਵਿੱਚ ਕ੍ਰਮਵਾਰ 12 ਅਤੇ 8 ਤਕਨੀਕੀ ਕੋਰਸ ਚੱਲ ਰਹੇ ਹਨ| ਉਨ੍ਹਾਂ ਦੱਸਿਆ ਕਿ ਇਸੇ ਸੈਸ਼ਨ ਤੋਂ ਇਨ੍ਹਾਂ ਵਿੱਚ ਫੈਸ਼ਨ ਡਿਜ਼ਾਈਨਿੰਗ ਅਤੇ ਸੀਵਿੰਗ ਤਕਨਾਲੋਜੀ ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।