ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਪਰੈਲ
ਕੰਬਾਈਨਾਂ ਨੇ ਬਨੂੜ ਦੀਆਂ ਦਾਤੀਆਂ ਦੀ ਸਰਦਾਰੀ ਖੋਹ ਲਈ ਹੈ। ਮਸ਼ੀਨੀ ਯੁੱਗ ਕਾਰਨ ਦਾਤੀਆਂ ਬਣਾਉਣ ਦੀ ਘਰੇਲੂ ਸਨਅਤ ਬੰਦ ਹੋਣ ਦੀ ਕਗਾਰ ’ਤੇ ਹੈ। ਪੰਜਾਬ, ਹਰਿਆਣਾ, ਹਿਮਾਚਲ ਦੇ ਸ਼ਹਿਰਾਂ ਵਿੱਚ ਇਕੱਲੇ ਕਣਕ ਦੇ ਸੀਜ਼ਨ ਦੌਰਾਨ ਇੱਕ ਲੱਖ ਤੋਂ ਵੱਧ ਦਾਤੀਆਂ ਸਪਲਾਈ ਕਰਨ ਵਾਲੇ ਬਨੂੜ ਦੇ ਦਾਤੀਆਂ ਬਣਾਉਣ ਵਾਲੇ ਘਰੇਲੂ ਕਾਰਖਾਨਿਆਂ ਵਿੱਚੋਂ ਹੁਣ ਪੂਰੇ ਸੀਜ਼ਨ ਦੌਰਾਨ ਮਸੀਂ ਪੰਜ-ਸੱਤ ਹਜ਼ਾਰ ਦਾਤੀਆਂ ਦੀ ਵਿਕਰੀ ਹੁੰਦੀ ਹੈ। ਕਿਸੇ ਸਮੇਂ ਬਨੂੜ ਵਿਚ ਦਾਤੀਆਂ ਬਣਾਉਣ ਲਈ 12 ਕਾਰਖਾਨੇ ਸਨ ਜਿਨ੍ਹਾਂ ਵਿੱਚੋਂ ਹੁਣ ਸਿਰਫ਼ ਚਾਰ ਕਾਰਖਾਨੇ ਹੀ ਦਾਤੀਆਂ ਬਣਾਉਣ ਦਾ ਕੰਮ ਕਰਦੇ ਹਨ, ਬਾਕੀ ਅੱਠ ਕਾਰਖਾਨੇ ਮੰਦਹਾਲੀ ਕਾਰਨ ਬੰਦ ਹੋ ਚੁੱਕੇ ਹਨ। ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਦਾਤੀਆਂ ਬਣਾਉਂਦੇ ਆ ਰਹੇ ਰਾਮ ਚੰਦ ਐਂਡ ਸੰਨਜ਼ ਕਾਰਖਾਨੇ ਦੇ ਮਾਲਕ ਕਮਲ ਕੁਮਾਰ ਧੀਮਾਨ ਨੇ ਦੱਸਿਆ ਕਿ ਬਨੂੜ ਦੀ ਦਾਤੀ ਇੰਨੀ ਮਕਬੂਲ ਅਤੇ ਭਰੋਸੇਯੋਗ ਸੀ ਕਿ ਇਸ ਦੀ ਕੀਮਤ ਬਾਕੀ ਸ਼ਹਿਰਾਂ ਵਿੱਚ ਬਣਨ ਵਾਲੀਆਂ ਦਾਤੀਆਂ ਨਾਲੋਂ ਦਸ ਰੁਪਏ ਪ੍ਰਤੀ ਦਾਤੀ ਵੱਧ ਰਹਿੰਦੀ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਰੇਲੂ ਸਨਅਤ ਨੂੰ ਬਚਾਉਣ ਲਈ ਉਨ੍ਹਾਂ ਨੂੰ ਵਿੱਤੀ ਪੈਕੇਜ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕਾਰਖਾਨਿਆਂ ਵਿੱਚ ਹੋ ਸਕਣ ਵਾਲੇ ਹੋਰ ਕੰਮ ਉਨ੍ਹਾਂ ਨੂੰ ਦਿੱਤੇ ਜਾਣ।