ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਖਨੌਰੀ ਬਾਰਡਰ (ਸੰਗਰੂਰ), 26 ਨਵੰਬਰ
ਪੰਜਾਬ-ਹਰਿਆਣਾ ਹੱਦ ’ਤੇ ਖਨੌਰੀ ਵਿੱਚ ਵਹੀਰਾਂ ਘੱਤ ਕੇ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਜਿੱਥੇ ਹੋਸ਼ ਕਾਇਮ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇੱਕ ਹਫ਼ਤੇ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਉਥੇ ਹੀ ਕੁਝ ਨੌਜਵਾਨ ਕਿਸਾਨਾਂ ਨੇ ਜੋਸ਼ ਵਿੱਚ ਹਰਿਆਣਾ ਸਰਕਾਰ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਉਖਾੜ ਕੇ ਸੁੱਟ ਦਿੱਤਾ। ਭਾਰੀ ਪੱਥਰਾਂ, ਬੈਰੀਕੇਡਾਂ, ਲੋਹੇ ਦੇ ਸੰਗਲਾਂ ਨੂੰ ਨੌਜਵਾਨ ਧੂਹ ਕੇ ਲੈ ਗਏ ਅਤੇ ਦਿੱਲੀ ਨੂੰ ਲਾਂਘਾ ਬਣਾ ਦਿੱਤਾ। ਪੰਜਾਬ-ਹਰਿਆਣਾ ਹੱਦ ’ਤੇ ਖਨੌਰੀ ਵਿੱਚ ਵਹੀਰਾਂ ਘੱਤ ਕੇ ਪੁੱਜੇ ਹਜ਼ਾਰਾਂ ਕਿਸਾਨਾਂ ਦੀ ਅਗਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭਾਵੇਂ ਅੱਜ ਇੱਕ ਹਫ਼ਤੇ ਲਈ ਪੱਕਾ ਸੰਘਰਸ਼ੀ ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਰਾਤ ਕਰੀਬ ਸਾਢੇ ਸੱਤ ਵਜੇ ਜਥੇਬੰਦੀ ਨੇ ਫ਼ੈਸਲਾ ਬਦਲਦਿਆਂ ਭਲਕੇ 27 ਨਵੰਬਰ ਨੂੰ ਸਵੇਰੇ 11 ਵਜੇ ਖਨੌਰੀ ਅਤੇ ਡੱਬਵਾਲੀ ਹੱਦ ਰਾਹੀਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬਾਰਡਰ ਸੀਲ ਹੋਣ ’ਤੇ ਰੋਕਾਂ ਤੋੜ ਕੇ ਦਿੱਲੀ ਕੂਚ ਕੀਤਾ ਜਾਵੇਗਾ।
ਬੀਤੀ ਰਾਤ ਅਤੇ ਅੱਜ ਸਵੇਰ ਤੋਂ ਹੀ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਖਨੌਰੀ ਬਾਰਡਰ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ ਤੱਕ ਖਨੌਰੀ ਵਿੱਚ ਕਰੀਬ ਪੰਜ ਕਿਲੋਮੀਟਰ ਤੱਕ ਦੂਰ-ਦੂਰ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਲੱਗ ਚੁੱਕੀਆਂ ਸਨ। ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਜਿੱਥੇ ਸੰਘਰਸ਼ੀ ਮੋਰਚੇ ’ਚ ਡਟੀਆਂ ਹੋਈਆਂ ਹਨ, ਉਥੇ ਹੀ ਕਿਸਾਨਾਂ ਲਈ ਲੰਗਰ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਨਿਭਾ ਰਹੀਆਂ ਹਨ। ਦੁਪਹਿਰ ਤੱਕ ਮਾਹੌਲ ਸ਼ਾਂਤੀਪੂਰਵਕ ਰਿਹਾ ਪਰ ਬਾਅਦ ਦੁਪਹਿਰ ਨੌਜਵਾਨਾਂ ਦਾ ਜੋਸ਼ ਭਖ ਗਿਆ। ਸੈਂਕੜੇ ਨੌਜਵਾਨਾਂ ਨੇ ਸੰਗਲਾਂ, ਤਾਲਿਆਂ ਅਤੇ ਕੰਡਿਆਲੀ ਤਾਰ ਨਾਲ ਸੀਲ ਕੀਤੇ ਬਾਰਡਰ ਨੂੰ ਉਖਾੜ ਦਿੱਤਾ ਅਤੇ 10 ਫੁੱਟ ਉੱਚੇ ਮਿੱਟੀ ਦੇ ਢੇਰਾਂ ਨੂੰ ਟਰੈਕਟਰਾਂ ਨਾਲ ਖਿਲਾਰ ਦਿੱਤਾ। ਭਾਵੇਂ ਹਰਿਆਣਾ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਨਾਲ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਰੋਹ ਅੱਗੇ ਪੁਲੀਸ ਬੇਵੱਸ ਨਜ਼ਰ ਆਈ।
ਉਧਰ ਹਜ਼ਾਰਾਂ ਕਿਸਾਨਾਂ ਨੇ ਬਾਰਡਰ ਨੇੜੇ ਹੀ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਨਾਟਕਕਾਰ ਡਾ. ਸਾਹਿਬ ਸਿੰਘ ਤੋਂ ਇਲਾਵਾ ਹੋਰ ਸੂਬਾਈ ਆਗੂ ਪੁੱਜੇ ਹੋਏ ਸਨ।