ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 18 ਨਵੰਬਰ ਨੂੰ ਪੰਜਾਬ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰੇਗੀ। ਜਥੇਬੰਦੀ ਨੇ ‘ਦਿੱਲੀ ਚੱਲੋ’ ਪ੍ਰੋਗਰਾਮ ’ਚ ਵਿਆਪਕ ਜਨਤਕ ਭਾਗੀਦਾਰੀ ਲਈ ਪਿੰਡਾਂ ’ਚ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਵੀ ਪ੍ਰੋਗਰਾਮ ਉਲੀਕਿਆ ਹੈ। ਇਹ ਫ਼ੈਸਲੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਅੱਜ ਇਥੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ। ਉਨ੍ਹਾਂ ਦਾਅਵਾ ਕੀਤਾ ਕਿ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਧਰਨੇ ਵਿੱਚ ਸ਼ਾਮਲ ਹੋਣਗੇ। ਇਸ ਲਈ ਦਿੱਲੀ ਜਾਣ ਦਾ ਸੱਦਾ ਲੈ ਕੇ ਜਥੇਬੰਦੀ ਵੱਲੋਂ 21, 22, 23 ਨਵੰਬਰ ਨੂੰ ਪਿੰਡਾਂ ਵਿੱਚ ਔਰਤਾਂ ਵੱਲੋਂ ਮੁਜ਼ਾਹਰੇ ਅਤੇ ਸ਼ਾਮ ਵਕਤ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤੇ ਜਾਣਗੇ।
ਮੀਟਿੰਗ ਵਿੱਚ ਕੈਪਟਨ ਸਰਕਾਰ ਖ਼ਿਲਾਫ਼ 18 ਨਵੰਬਰ ਨੂੰ ਜ਼ਿਲ੍ਹਾ ਮੁਕਾਮਾਂ ’ਤੇ ਧਰਨੇ ਅਤੇ ਮੰਗ-ਪੱਤਰ ਦੇਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ। ਮੰਗ-ਪੱਤਰਾਂ ਰਾਹੀਂ ਪੰਜਾਬ ਮੰਡੀਕਰਨ ਐਕਟ-2017, 2013 ਅਤੇ 2006 ਵਾਲੀਆਂ ਠੇਕਾ ਖੇਤੀ ਕਾਨੂੰਨੀ ਤਰਮੀਮਾਂ ਰੱਦ ਕਰਨ ਦੀ ਮੰਗ ਹੋਵੇਗੀ। ਇਸ ਤੋਂ ਇਲਾਵਾ ਠੇਕਾ ਖੇਤੀ ਬਿੱਲ-2019 ਵਾਪਸ ਲੈਣ, ਕੇਂਦਰ ਸਰਕਾਰ ਵੱਲੋਂ ਤਾਜ਼ਾ ਪਾਸ ਕੀਤੇ ਪ੍ਰਦੂਸ਼ਣ ਆਰਡੀਨੈਂਸ ਅਤੇ ਦਫ਼ਾ 188 ਤਹਿਤ ਦਰਜ ਕੀਤੇ ਪੁਲੀਸ ਕੇਸ ਰੱਦ ਕਰਨ ਸਣੇ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਸੰਘਰਸ਼ਕਾਰੀਆਂ ’ਤੇ ਦਰਜ ਕੀਤੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਸ਼ਾਮਲ ਹੋਵੇਗੀ।
ਸੂਬੇ ਅਤੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਦੀ ਹਾਜ਼ਰੀ ਵਾਲੀ ਇਸ ਮੀਟਿੰਗ ਨੂੰ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ।