ਗਗਨਦੀਪ ਅਰੋੜਾ
ਲੁਧਿਆਣਾ, 27 ਅਕਤੂਬਰ
ਕਿਸਾਨੀ ਅੰਦੋਲਨ ਕਾਰਨ ਪਿਛਲੇ ਦਿਨੀਂ ਮਾਲ ਗੱਡੀਆਂ ’ਤੇ ਰੇਲਵੇ ਵੱਲੋਂ ਪੰਜਾਬ ਦਾਖ਼ਲੇ ’ਤੇ ਲਗਾਈ ਗਈ ਰੋਕ ਨੇ ਸਨਅਤਕਾਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਸੀਜ਼ਨ ਹੋਣ ਕਾਰਨ ਸਨਅਤਕਾਰਾਂ ਨੂੰ ਆਸ ਬੱਝੀ ਸੀ ਕਿ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਜਾਣ ’ਤੇ ਸਹਿਮਤੀ ਦੇ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੂੰ ਕੁਝ ਰਾਹਤ ਮਿਲੇਗੀ, ਪਰ ਹੁਣ ਰੇਲਵੇ ਵੱਲੋਂ ਮਾਲ ਗੱਡੀਆਂ ’ਤੇ ਲਗਾਈ ਗਈ ਰੋਕ ਨੇ ਸਨਅਤਕਾਰਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਸਨਅਤਕਾਰਾਂ ਦੀ ਮੰਨੀਏ ਤਾਂ ਮਾਲ ਗੱਡੀਆਂ ਨਾ ਚੱਲਣ ਕਾਰਨ ਸਿਰਫ਼ ਲੁਧਿਆਣਾ ਵਿਚ ਹੀ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿਚ 1500 ਕਰੋੜ ਤੋਂ ਵੱਧ ਦਾ ਘਾਟਾ ਸਨਅਤਕਾਰਾਂ ਸਹਿ ਚੁੱਕੇ ਹਨ ਤੇ ਅੱਗੇ ਇਹ ਘਾਟਾ ਵੱਧਣ ਦੇ ਆਸਾਰ ਲੱਗ ਰਹੇ ਹਨ। ਅੱਜ ਚੈਂਬਰ ਆਫ਼ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰ ਟੇਕਿੰਗ ਦੀ ਮੀਟਿੰਗ ’ਚ ਸਨਅਤਕਾਰਾਂ ਨੇ ਮਾਲ ਗੱਡੀਆਂ ਦੇ ਮੁਦੇ ’ਤੇ ਚਰਚਾ ਕੀਤੀ। ਮੀਟਿੰਗ ’ਚ ਸਨਅਤਕਾਰਾਂ ਨੇ ਸਾਫ਼ ਆਖਿਆ ਕਿ ਬੀਤੇ ਇੱਕ ਮਹੀਨੇ ਦੌਰਾਨ ਰੇਲ ਗੱਡੀਆਂ ਬੰਦ ਹੋਣ ਕਾਰਨ ਵਪਾਰੀਆਂ ਨੂੰ ਕਰੀਬ 1500 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਹੁਣ ਦੁਬਾਰਾ ਮਾਲ ਗੱਡੀਆਂ ਬੰਦ ਹੋਣ ਕਾਰਨ ਫੈਕਟਰੀਆਂ ਬੰਦ ਹੋਣ ਦੀ ਕਾਗਾਰ ’ਤੇ ਪੁੱਜ ਗਈਆਂ ਹਨ। ਸਨਅਤਕਾਰਾਂ ਨੇ ਕਿਹਾ ਕਿ ਹਰਿਆਣਾ ਤੇ ਰਾਜਸਥਾਨ ’ਚ ਵੀ ਕਿਸਾਨ ਹਨ, ਉਥੇ ਅਜਿਹੀ ਕੋਈ ਸਥਿਤੀ ਨਹੀਂ ਹੈ, ਇਸ ਲਈ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਮੁੱਦੇ ਨੂੰ ਲੈ ਕੇ ਉਹ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ।