ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਨਵੰਬਰ
ਸੂਬੇ ਦੇ ਬਹੁਤੇ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਇਸ ਸਮੇਂ 201 ਤੋਂ 300 ਅੰਕੜੇ ’ਤੇ ਪੁੁੱਜਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐੱਸਐੱਸ ਮਰਵਾਹਾ ਨੇ ਲੋਕਾਂ ਨੂੰ ਘੱਟ ਤੋਂ ਘੱਟ ਦੀਵੇ-ਮੋਮਬੱਤੀਆਂ ਬਾਲਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਨੈਸ਼ਨਲ ਏਅਰ ਕੁਆਲਟੀ ਇੰਡੈਕਸ ਦੇ ਮਾਪਦੰਡ ਤਹਿਤ ਮਾਪਿਆ ਜਾਣ ਵਾਲਾ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ‘ਏਕਿਊਆਈ’ 0 ਤੋਂ 50 ਤੱਕ ‘ਚੰਗੀ’ ਕੈਟਾਗਿਰੀ ਵਿੱਚ ਆਉਂਦਾ ਹੈ, ਜਦੋਂ ਕਿ ਏਕਿਊਆਈ 51 ਤੋਂ 100 ‘ਸੰਤੁਸ਼ਟੀਜਨਕ’ ਵਰਗ ਵਿੱਚ ਆਉਂਦਾ ਹੈ। ਏਕਿਊਆਈ 101 ਤੋਂ 200 ਨੂੰ ਭਾਵੇਂ ‘ਦਰਮਿਆਨੀ’ ਕੈਟਾਗਿਰੀ ਵਜੋਂ ਮਾਪਿਆ ਜਾਂਦਾ ਹੈ ਪਰ ਇਹ ਮਨੁੱਖੀ ਸਿਹਤ ਲਈ ਕਾਫ਼ੀ ਖਤਰਨਾਕ ਹੈ। 201 ਤੋਂ 300 ਕੈਟਾਗਿਰੀ ਨੂੰ ‘ਮਾੜਾ’ ਦਰਸਾਇਆ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬੀਤੇ ਦਿਨ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਜਲੰਧਰ ਵਿੱਚ ਸੂਬੇ ਭਰ ’ਚੋਂ ਸਭ ਤੋਂ ਵੱਧ ‘ਏਕਿਊਆਈ’ ਪੱਧਰ 299 ਅੰਕੜੇ ’ਤੇ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 288, ਪਟਿਆਲਾ ਵਿੱਚ 267, ਮੰਡੀ ਗੋਬਿੰਦਗੜ੍ਹ ਵਿੱਚ 262, ਖੰਨਾ ’ਚ 250 ਅਤੇ ਅੰਮ੍ਰਿਤਸਰ ਵਿੱਚ ਇਹ ਪੱਧਰ 248 ’ਤੇ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐੱਸਐੱਸ ਮਰਵਾਹਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾ ਪ੍ਰਦੂਸ਼ਣ ਨੂੰ ਠੱਲਣ ਲਈ ਦੀਵੇ ਤੇ ਮੋਮਬੱਤੀਆਂ ਵੀ ਘੱਟ ਤੋਂ ਘੱਟ ਹੀ ਬਾਲਣ, ਸੰਭਵ ਹੋਵੇ ਤਾਂ ਪੰਜ ਦੀਵੇ ਬਾਲਣ ਦੀ ਰਸਮ ਹੀ ਅਦਾ ਕਰ ਲਈ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਦੇ ਮੁੱਢਲੇ ਦੌਰ ’ਚ ਲੋਕਾਂ ਨੂੰ 9 ਮਿੰਟ ਮੋਮਬੱਤੀਆਂ ਦੀਵੇ ਬਾਲਣ ਲਈ ਕਿਹਾ ਸੀ ਤਾਂ ਉਦੋਂ ਲੌਕਡਾਊਨ ਕਾਰਨ 25-40 ਤੱਕ ਪਹੁੰਚਿਆ ਏਕਿਊਆਈ 50 ਤੋਂ 70 ਤੱਕ ਪੁੱਜ ਗਿਆ ਸੀ।