ਰਵੇਲ ਸਿੰਘ ਭਿੰਡਰ
ਪਟਿਆਲਾ, 4 ਜਨਵਰੀ
ਮੌਸਮ ਦੇ ਬਦਲਦੇ ਮਿਜ਼ਾਜ ਦੌਰਾਨ ਪੰਜਾਬ ਦੀ ਆਬੋ ਹਵਾ ਮੁੜ ਨਿੱਖਰਨ ਲੱਗੀ ਹੈ। ਇਨ੍ਹੀਂ ਦਿਨੀਂ ਪੰਜਾਬ ਦੀ ਆਬੋ ਹਵਾ ਦੀ ਗੁਣਵੱਤਾ ਚੰਗੀ ਤੇ ਸੰਤੁਸ਼ਟਜਨਕ ਸ਼੍ਰੇਣੀ ’ਚ ਸ਼ੁਮਾਰ ਹੈ। ਲੰਘੇ ਜਨਵਰੀ ਮਹੀਨੇ ਦੌਰਾਨ ਵੀ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਔਸਤਨ ਦਰਮਿਆਨਾ ਰਿਹਾ ਹੈ। ਕਰੋਨਾ ਦੌਰਾਨ ਤਾਲਾਬੰਦੀ ਦੇ ਮੁੱਢਲੇ ਦਿਨਾਂ ’ਚ ਆਬੋ ਹਵਾ ਵਿੱਚ ਵੱਡਾ ਨਿਖ਼ਾਰ ਆਇਆ ਸੀ ਪਰ ਸਾਲ ਦੇ ਅਖ਼ੀਰ ’ਚ ਆਬੋ ਹਵਾ ’ਚ ਧੂੜ ਦੇ ਕਣ ਕਾਫੀ ਮਾਤਰਾ ਵਿੱਚ ਸ਼ਾਮਲ ਸਨ। ਇਸ ਸਾਲ ਜਨਵਰੀ ਮਹੀਨੇ ਦੌਰਾਨ ਸੂਬੇ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏ.ਕਿਊ.ਆਈ) ਦਰਮਿਆਨਾ ਬਣਿਆ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਨਵਰੀ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ਵਿੱਚ 157 ਰਿਹਾ ਜਦਕਿ ਸਭ ਤੋਂ ਘੱਟ ਅੰਮ੍ਰਿਤਸਰ ਵਿੱਚ 106 ਰਿਹਾ, ਜਿਸ ਨੂੰ ਔਸਤਨ ‘ਦਰਮਿਆਨਾ’ ਮੰਨਿਆ ਗਿਆ ਹੈ। ਚਲੰਤ ਫਰਵਰੀ ਮਹੀਨੇ ਦੇ ਸ਼ੁਰੂ ਤੋਂ ਸੂਚਕ ਅੰਕ ’ਚ ਹੋਰ ਸੁਧਾਰ ਆਇਆ ਹੈ, ਜੋ ਦਿਨੋਂ-ਦਿਨ ਵਧ ਰਿਹਾ ਹੈ।
ਵੇਰਵਿਆਂ ਅਨੁਸਾਰ ਅੱਜ ਪੰਜਾਬ ਦੇ ਕਈ ਹਿੱਸਿਆਂ ’ਚ ਪਏ ਮੀਂਹ ਤੇ ਬੱਦਲਵਾਈ ਨਾਲ ਆਬੋ ਹਵਾ ਸਾਫ਼ ਰਹੀ। ਅੰਮ੍ਰਿਤਸਰ ’ਚ ਬਾਅਦ ਦੁਪਹਿਰ ਹਵਾ ਦਾ ਸੂਚਕ ਅੰਕ 73 ਤੋਂ ਹੇਠਾਂ ਡਿੱਗ ਕੇ 46 ’ਤੇ ਆ ਗਿਆ। ਇਸੇ ਤਰ੍ਹਾਂ ਲੁਧਿਆਣਾ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 90 ਤੋਂ ਹੇਠਾਂ ਤੇ ਪਟਿਆਲਾ ’ਚ 90 ’ਤੇ ਰਿਹਾ। ਦੱਸਣਯੋਗ ਹੈ ਕਿ ਕੌਮੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 0 ਤੋਂ 50 ਤਕ ਏ.ਕਿਊ.ਆਈ ਨੂੰ ‘ਚੰਗੀ’ ਸ਼੍ਰੇਣੀ ਤੇ 51 ਤੋਂ 100 ਤਕ ਦੇ ਏਕਿਊਆਈ ਨੂੰ ‘ਦਰਮਿਆਨੀ’ ਸ਼੍ਰੇਣੀ ਵਜੋਂ ਅੰਕਿਤ ਕੀਤਾ ਜਾਂਦਾ ਹੈ।