ਗੁਰਬਖਸ਼ਪੁਰੀ
ਤਰਨ ਤਾਰਨ, 22 ਸਤੰਬਰ
ਠੱਕਰਪੁਰਾ ਪਿੰਡ ਦੀ ਇੱਕ ਚਰਚ ਅੰਦਰ ਲਗਪਗ ਤਿੰਨ ਹਫ਼ਤੇ ਪਹਿਲਾਂ ਵਾਪਰੀ ਭੰਨ੍ਹ-ਤੋੜ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਰੋਸ ਵਿਖਾਵਾ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ ਇਨਸਾਫ਼ ਨਾ ਮਿਲਣ ਦੇ ਰੋਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੌਮੀ ਮਾਰਗ ਨੰਬਰ 54 ’ਤੇ ਕਈ ਘੰਟੇ ਆਵਾਜਾਈ ਠੱਪ ਰੱਖੀ। ਪ੍ਰਦਰਸ਼ਨਕਾਰੀਆਂ ਵੱਲੋਂ ਏਸੀਪੀ ਪੁਨੀਤ ਸ਼ਰਮਾ ਦੇ ਹੱਥ ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਡਾਇਓਸਿਸ ਆਫ਼ ਜਲੰਧਰ ਦੇ ਨਿਰਦੇਸ਼ਾਂ ’ਤੇ ਕੀਤੇ ਇਸ ਵਿਖਾਵੇ ਦੀ ਅਗਵਾਈ ਆਲ ਇੰਡੀਆ ਕੈਥੋਲਿਕ ਕ੍ਰਿਸਚੀਅਨ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਜਸਬੀਰ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਫਾਦਰ ਪੀਟਰ, ਮੈਥਿਊ, ਪਾਸਟਰ ਗੋਲਡੀ ਮੱਟੂ ਤੇ ਜਸਬੀਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਪਵਿੱਤਰ ਚਰਚ ਅੰਦਰ ਸਥਾਪਤ ਮੂਰਤੀਆਂ ਦੀ ਬੇਅਦਬੀ ਕਰਕੇ ਅੱਗ ਲਗਾਉਣ ਦੀ ਸਖ਼ਤ ਨਿਖੇਧੀ ਕੀਤੀ ਤੇ ਹੁਣ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਇਸ ਸਬੰਧੀ ਬਣਾਈ ਗਈ ‘ਸਿਟ’ ਵੱਲੋਂ ਹਾਲੇ ਤੱਕ ਕੋਈ ਰਿਪੋਰਟ ਤਿਆਰ ਨਾ ਕੀਤੇ ਜਾਣ ’ਤੇ ਸੂਬਾ ਸਰਕਾਰ, ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕੀਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਈਸਾਈ ਧਾਰਮਿਕ ਸਥਾਨਾਂ ਸਣੇ ਇਸਾਈ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ।