ਪੱਤਰ ਪ੍ਰੇਰਕ
ਤਰਨ ਤਾਰਨ, 3 ਮਾਰਚ
ਇਥੋਂ ਦੀ ਮੁਰਾਦਪੁਰ ਆਬਾਦੀ ਦੇ ਝੁੱਗੀ-ਝੌਪੜੀ ਖੇਤਰ ਵਿੱਚ ਰਹਿੰਦੇ ਇਕ ਵਿਅਕਤੀ ਨੇ ਆਪਣੀ ਪੰਜ ਮਹੀਨੇ ਦੀ ਬੱਚੀ ਨੂੰ ਜ਼ਮੀਨ ’ਤੇ ਪਟਕਾ ਕੇ ਮਾਰਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਮੁਲਜ਼ਮ ਦੀ ਸ਼ਨਾਖਤ ਅਬਜਲ (27) ਵਜੋਂ ਹੋਈ ਹੈ| ਅਬਜਲ ਦਾ ਆਪਣੀ ਪਤਨੀ ਮੁੱਖੋ ਨਾਲ ਝਗੜਾ ਚੱਲਦਾ ਸੀ ਜਿਸ ਕਾਰਨ ਉਹ ਪੇਕੇ ਘਰ ਰਹਿੰਦੀ ਸੀ। ਮੁੱਖੋ ਕੱਲ੍ਹ ਆਪਣੀ ਲੜਕੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਆਈ ਹੋਈ ਸੀ| ਉਹ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸੀ। ਇਸੇ ਦੌਰਾਨ ਉਸ ਦਾ ਪਤੀ ਨਾਲ ਝਗੜਾ ਹੋ ਗਿਆ ਤੇ ਅਬਜਲ ਨੇ ਲੜਕੀ ਨੂੰ ਜ਼ਮੀਨ ’ਤੇ ਪਟਕਾ ਕੇ ਮਾਰਿਆ। ਬੇਹੋਸ਼ ਹੋਈ ਲੜਕੀ ਨੂੰ ਉਸ ਦੀ ਮਾਂ ਹਸਪਤਾਲ ਲੈ ਕੇ ਗਈ ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ| ਪੁਲੀਸ ਨੇ ਕੇਸ ਦਰਜ ਕਰ ਕੇ ਅਬਜਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।