ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 27 ਅਗਸਤ
ਮੁਹਾਲੀ ਦੇ ਵਸਨੀਕ ਤੇ ਛੇਵੀਂ ਜਮਾਤ ਦੇ ਵਿਦਿਆਰਥੀ ਅਬੀਰ ਗਰਗ ਨੇ ਛੋਟੀ ਉਮਰ ਵਿੱਚ ਲੋਕ ਭਲਾਈ ਲਈ ਪਹਿਲ ਕੀਤੀ ਹੈ। ਇਸ ਤੋਂ ਹੋਰਨਾਂ ਬੱਚਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਅਜਿਹੇ ਬੱਚੇ ਸੂਬੇ ਦੇ ਸੱਚੇ ਮਿਸ਼ਨ ਫਤਹਿ ਯੋਧਾ ਹਨ। ਇਹ ਪ੍ਰਗਟਾਵਾ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ ਨੇ ਕੀਤਾ। ਅਬੀਰ ਅੱਜ ਆਪਣੀ ਕਮਾਈ ਨਾਲ ਤਿਆਰ ਕੀਤੇ ਮਾਸਕ ਦੇਣ ਲਈ ਮਾਪਿਆਂ ਸਮੇਤ ਡੀਸੀ ਦਫ਼ਤਰ ਪਹੁੰਚਿਆ ਸੀ।
ਅਬੀਰ ਗਰਗ ਸਟਰਾਬੈਰੀ ਫੀਲਡਜ਼ ਹਾਈ ਸਕੂਲ ਚੰਡੀਗੜ੍ਹ ਵਿੱਚ 6ਵੀਂ ਜਮਾਤ ’ਚ ਪੜ੍ਹਦਾ ਹੈ ਅਤੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦਾ ਲਾਈਫ਼ ਮੈਂਬਰ ਵੀ ਹੈ। ਅਬੀਰ ਵੱਲੋਂ 30 ਹਜ਼ਾਰ ਰੁਪਏ ਇਕੱਠੇ ਕਰ ਕੇ ਕੋਵਿਡ-19 ਵਿੱਚ ਕੰਮ ਕਰ ਰਹੇ ਲੋਕਾਂ ਦੀ ਸਹਾਇਤਾ ਕੀਤੀ ਗਈ, ਜੋ ਕਿ ਕਰੋਨਾ ਦੀ ਸਥਿਤੀ ਨਾਲ ਜੂਝ ਰਹੇ ਹਨ। ਅਬੀਰ ਨੇ ਆਪਣੀ ਕਲਾ ਨਾਲ ਕੁੱਝ ਵਿਲੱਖਣ ਬੁੱਕ ਮਾਰਕਸ ਤਿਆਰ ਕੀਤੇ, ਜਿਸ ਦੀ ਉਸ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਭਰਪੂਰ ਪ੍ਰਸ਼ੰਸਾ ਕਰਦਿਆਂ ਉਸ ਨੂੰ ਇਹ ਬੁੱਕ ਮਾਰਕਸ ਆਨਲਾਈਨ ਵੇਚਣ ਲਈ ਪ੍ਰੇਰਿਆ। ਇਸ ਤੋਂ ਕਿ ਅਬੀਰ ਨੇ 30 ਹਜ਼ਾਰ ਰੁਪਏ ਇਕੱਠੇ ਕੀਤੇ। ਇਸ ਰਾਸ਼ੀ ਨਾਲ ਅਬੀਰ ਨੇ ਇਲਾਕੇ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਕਿੱਟਾਂ ਦਾਨ ਕੀਤੀਆਂ ਤੇ ਬਕਾਇਆਂ ਰਕਮ ਨਾਲ ਰੈੱਡ ਕਰਾਸ ਸ਼ਾਖਾ ਨੂੰ ਦੁਬਾਰਾ ਵਰਤੋਂ ਵਿੱਚ ਆਉਣ ਵਾਲੇ 2 ਹਜ਼ਾਰ ਮਾਸਕ ਵੀ ਮੁਹੱਈਆ ਕਰਵਾਏ। ਇਸ ਮੌਕੇ ਏਡੀਸੀ ਆਸ਼ਿਕਾ ਜੈਨ ਨੇ ਅਬੀਰ ਸਮੇਤ ਉਸ ਦੇ ਪਿਤਾ ਸ਼ਿਧਾਰਥ ਗਰਗ ਤੇ ਮਾਤਾ ਚੇਰਿਤਾ ਗਰਗ ਦਾ ਧੰਨਵਾਦ ਕਰਦਿਆਂ ਬੱਚੇ ਨੂੰ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਪਰਿਵਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰੈੱਡ ਕਰਾਸ ਵੱਲੋਂ ਇਸ ਸਮੇਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਲੋੜਵੰਦਾਂ ਦੀ ਸਹਾਇਤਾ ਜਾਰੀ ਰੱਖੀ ਜਾ ਸਕੇ।