ਸੁਰਜੀਤ ਮਜਾਰੀ
ਬੰਗਾ, 30 ਅਕਤੂਬਰ
ਮਹੀਨਾ ਪਹਿਲਾਂ ਖਟਕੜ ਕਲਾਂ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹੱਥ ਵਿਹੂਣੇ ਪ੍ਰਭੂ (23) ਨੂੰ ਪਾਈ ਜੱਫੀ ਨਿੱਘ ਨਾ ਦੇ ਸਕੀ। ਇਸ ਮਿਲਣੀ ’ਚ ਬੀਏ ਪਾਸ ਪ੍ਰਭੂ ਨੇ ਮੁੱਖ ਮੰਤਰੀ ਨੂੰ ਫ਼ਰਿਆਦ ਕੀਤੀ ਸੀ ਕਿ ਉਸ ਲਈ ਰੁਜ਼ਗਾਰ ਦਾ ਕੋਈ ਨਾ ਕੋਈ ਵਸੀਲਾ ਬਣਾਇਆ ਜਾਵੇ। ਮੁੱਖ ਮੰਤਰੀ ਨੇ ਪ੍ਰਭੂ ਕੋਲੋਂ ਅਰਜ਼ੀ ਤੇ ਪੜ੍ਹਾਈ ਦੇ ਹੋਰ ਦਸਤਾਵੇਜ਼ ਲੈ ਕੇ ਆਪਣੇ ਅਮਲੇ ਨੂੰ ਦੇ ਦਿੱਤੇ ਸਨ ਤੇ ਉਸ ਨੂੰ ਚੰਡੀਗੜ੍ਹ ਆ ਕੇ ਮਿਲ ਲੈਣ ਲਈ ਕਿਹਾ ਸੀ।
ਬੰਗਾ ਵਾਸੀ ਪ੍ਰਭੂ ਨੇ ਦੱਸਿਆ ਕਿ ਉਹ ਤਿੰਨ ਵਾਰ ਮੁੱਖ ਮੰਤਰੀ ਨੂੰ ਮਿਲਣ ਚੰਡੀਗੜ੍ਹ ਜਾ ਚੁੱਕਾ ਹੈ ਪਰ ਖਾਲੀ ਹੱਥ ਹੀ ਮੁੜਨਾ ਪਿਆ। ਉਹ ਉੱਥੇ ਪੀਏ ਨਾਲ ਹੀ ਗੱਲ ਕਰ ਕੇ ਮੁੜਦਾ ਰਿਹਾ। ਉਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਫ਼ਤਰ ਵਾਲੇ ਸੰਪਰਕ ਨੰਬਰਾਂ ’ਤੇ ਦੇ ਕਈ ਵਾਰ ਕੋਸ਼ਿਸ਼ ਕੀਤੀ ਹੈ ਪਰ ਗੱਲ ਨਹੀਂ ਬਣੀ। ਪ੍ਰਭੂ ਨੇ ਅੱਜ ਮੁੱਖ ਮੰਤਰੀ ਨੂੰ ਮੁੜ ਫ਼ਰਿਆਦ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇੇ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ’ਚ ਪ੍ਰਭੂ ਨੂੰ ਕਲਾਵੇ ’ਚ ਲੈ ਕੇ ਹੌਸਲਾ ਦਿੰਦਿਆਂ ਕਿਹਾ ਸੀ ਕਿ ਉਹ ਉਸ ਦੀਆਂ ਬਾਹਵਾਂ ਬਣਨਗੇ। ਇਸ ਖ਼ਬਰ ਨੂੰ ‘ਪੰਜਾਬੀ ਟ੍ਰਿਬਿਊਨ’ ’ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਵੀ ਕੀਤਾ ਗਿਆ ਸੀ। ਪ੍ਰਭੂ ਦੇ ਦੋਵੇਂ ਹੱਥ ਜਨਮ ਤੋਂ ਹੀ ਨਹੀਂ ਹਨ ਅਤੇ ਉਸ ਨੇ ਬੀਏ ਦੇ ਨਾਲ ਕੰਪਿਊਟਰ ਦਾ ਵੀ ਕੋਰਸ ਕੀਤਾ ਹੋਇਆ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਲੰਬੇ ਅਰਸੇ ਤੋਂ ਬਿਮਾਰ ਹੈ।