ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੱਗ ਤੋਂ ਸੁਰੱਖਿਆ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਪੰਜਾਬ ਵਿੱਚ ਨਵੇਂ ਸਥਾਪਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਤੇ ਮਿਨੀ ਫਾਇਰ ਟੈਂਡਰ ਸਮਰਪਿਤ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅਕਸਰ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ਼ ਤੇ ਮਿਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਸਣੇ ਖੜ੍ਹੀਆਂ ਫ਼ਸਲਾਂ ਨੂੰ ਵੀ ਅੱਗ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਉਂਸਿਪਲ ਭਵਨ ਤੋਂ ਇਨ੍ਹਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਫਾਇਰ ਟੈਂਡਰ 13 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਤੇ ਸੰਗਰੂਰ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਨੂੰ ਜਲਦੀ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ ਪ੍ਰਾਪਤ ਹੋਣਗੇ, ਜੋ ਇਨ੍ਹਾਂ ਫਾਇਰ ਸਟੇਸ਼ਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਪੰਜਾਬ ਵਿੱਚ ਇਸ ਵੇਲੇ ਵੱਖ-ਵੱਖ ਨਗਰ-ਨਿਗਮਾਂ ਤੇ ਨਗਰ ਕੌਂਸਲਾਂ ਅਧੀਨ ਕੁਲ 49 ਫਾਇਰ ਸਟੇਸ਼ਨਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਇਨ੍ਹਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਲੋਕਾਂ ਨੂੰ ਤੁਰੰਤ ਸੇਵਾਵਾਂ ਦੇਣ ਦੇ ਉੁਦੇਸ਼ ਹਿਤ ਇਹ 20 ਨਵੇਂ ਫਾਇਰ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਸ ਮਗਰੋਂ ਇਨ੍ਹਾਂ ਫਾਇਰ ਸਟੇਸ਼ਨਾਂ ਦੀ ਗਿਣਤੀ 69 ਹੋ ਜਾਵੇਗੀ। ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਨਾਲ ਹੁਣ ਗੱਡੀਆਂ ਲਈ ਤੈਅ ਕਰਨ ਵਾਲੀ ਦੂਰੀ 25 ਤੋਂ 30 ਕਿਲੋਮੀਟਰ ਰਹਿ ਜਾਵੇਗੀ।