ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਈ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਸਥਿਤ ਪੀਐਸਜੀਪੀਸੀ ਅਤੇ ਔਕਾਫ ਬੋਰਡ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚਲਦਿਆਂ ਸ਼ਹੀਦੀ ਪੁਰਬ ਦੀਆਂ ਤਰੀਕਾਂ ਵਿਚ ਲਗਪਗ 13 ਦਿਨਾਂ ਦਾ ਅੰਤਰ ਹੋਣ ਕਾਰਨ ਇਸ ਮੌਕੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਪਾਕਿਸਤਾਨ ਜਾਣ ਦੀ ਸੰਭਾਵਨਾ ਨਾਮਾਤਰ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਕੱਲ੍ਹ ਈਟੀਪੀਬੀ (ਇਵੈਕਿਊ ਟਰਸਟ ਪ੍ਰਾਪਰਟੀ ਬੋਰਡ) ਦੇ ਲਾਹੌਰ ਸਥਿਤ ਦਫਤਰ ਵਿਚ ਮੀਟਿੰਗ ਕੀਤੀ ਗਈ।
ਪੀਐਸਜੀਪੀਸੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਮੁਤਾਬਕ ਸ਼ਹੀਦੀ ਪੁਰਬ 16 ਜੂਨ ਨੂੰ ਮਨਾਇਆ ਜਾਵੇਗਾ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਨੂੰ ਮਨਾਈ ਜਾਵੇਗੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਜਿਸ ਮੁਤਾਬਕ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ 3 ਜੂਨ ਨੂੰ ਮਨਾਇਆ ਜਾ ਰਿਹਾ ਹੈ। ਪੀਐਸਜੀਪੀਸੀ ਵਲੋਂ ਪਹਿਲਾਂ ਵਾਂਗ 16 ਜੂਨ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਪੁਰਬ ਲਈ ਹੀ ਵੀਜ਼ੇ ਦਿੱਤੇ ਜਾਣਗੇ ਜਦੋਂਕਿ ਸ਼੍ਰੋਮਣੀ ਕਮੇਟੀ ਵਲੋਂ 3 ਜੂਨ ਨੂੰ ਸ਼ਹੀਦੀ ਪੁਰਬ ਮਨਾਉਣ ਲਈ ਵੀਜ਼ੇ ਮੰਗੇ ਜਾਣਗੇ। ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ ਵਿਚ ਪਾਸਪੋਰਟ ਵੀ ਮੰਗੇ ਜਾ ਚੁੱਕੇ ਹਨ ਪਰ ਦੋਵਾਂ ਤਰੀਕਾਂ ਵਿਚ ਅੰਤਰ ਹੋਣ ਕਾਰਨ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਨੂੰ ਵੀਜ਼ੇ ਮਿਲਣ ਦੀ ਸੰਭਾਵਨਾ ਨਾਮਾਤਰ ਹੈ।