ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਅੱਜ ਸ਼ਾਹਮੁਖੀ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਸਦੀ ਪੁਰਾਣਾ ਪਾਵਨ ਸਰੂਪ ਰਾਮ ਪ੍ਰਕਾਸ਼ ਕਵਾਤਰਾ ਦੇ ਪਰਿਵਾਰ ਕੋਲੋਂ ਪ੍ਰਾਪਤ ਕੀਤਾ ਗਿਆ। ਇਹ ਸਰੂਪ ਹਰੀ ਸਿੰਘ ਪ੍ਰਿੰਟਰਜ਼, ਲਾਹੌਰ ਦਾ ਛਾਪਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਵੰਡ ਤੋਂ ਪਹਿਲਾਂ ਰਾਮ ਪ੍ਰਕਾਸ਼ ਕਵਾਤਰਾ ਦਾ ਪਰਿਵਾਰ ਪਾਕਿਸਤਾਨ ਦੇ ਸਰਗੋਧਾ ਵਿੱਚ ਰਹਿੰਦਾ ਸੀ ਤੇ ਵੰਡ ਤੋਂ ਬਾਅਦ ਇਹ ਪਰਿਵਾਰ ਭਾਰਤ ਆਉਣ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਇਸ ਪਾਵਨ ਸਰੂਪ ਨੂੰ ਵੀ ਨਾਲ ਲਿਆਇਆ ਸੀ। ਇਸ ਮਗਰੋਂ ਜਿੰਨਾ ਚਿਰ ਰਾਮ ਪ੍ਰਕਾਸ਼ ਕਵਾਤਰਾ ਜਿਊਂਦੇ ਰਹੇ, ਉਹ ਖ਼ੁਦ ਇਸ ਪਾਵਨ ਸਰੂਪ ਦੀ ਸੇਵਾ-ਸੰਭਾਲ ਕਰਦੇ ਸਨ। ਹੁਣ ਪਰਿਵਾਰ ਵਿੱਚ ਕੋਈ ਵੀ ਸ਼ਾਹਮੁਖੀ ਨਹੀਂ ਪੜ੍ਹ ਸਕਦਾ, ਇਸ ਕਰਕੇ ਰਾਮ ਪ੍ਰਕਾਸ਼ ਕਵਾਤਰਾ ਦੇ ਪੁੱਤਰ ਰਾਜਿੰਦਰ ਕਵਾਤਰਾ ਨੇ ਇਹ ਸਰੂਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਹੈ। ਗੁਰਦੁਆਰਾ ਰਕਾਬ ਗੰਜ ਦੇ ਪ੍ਰਬੰਧਕਾਂ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਇਹ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿੱਚ ਲਿਆ ਕੇ ਮਰਿਆਦਾ ਅਨੁਸਾਰ ਸੰਭਾਲ ਦਿੱਤਾ ਗਿਆ ਹੈ।