ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਕੇਂਦਰੀ ਸਿੰਘ ਸਭਾ ਨੇ 75 ਸਾਲ ਪਹਿਲਾਂ ਦੇਸ਼ ਦੀ ਵੰਡ ਦੌਰਾਨ ਮਾਰੇ ਗਏ ਪੰਜਾਬੀਆਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ 16 ਅਗਸਤ ਨੂੰ ਪਹਿਲੀ ਵਾਰ ਅਰਦਾਸ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਕੇਂਦਰੀ ਸਿੰਘ ਸਭਾ ਦੇ ਆਗੂਆਂ ਨੇ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਸੱਦੇ ’ਤੇ ਦੇਸ਼ ਦੀ ਵੰਡ ਦੀ ਭੇਟ ਚੜ੍ਹੇ 10 ਲੱਖ ਪੰਜਾਬੀਆਂ ਦੀ ਯਾਦ ਵਿੱਚ ਅਰਦਾਸਾਂ ਕਰਵਾਈਆਂ ਜਾਣ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀ ਤੇ ਗੁਰਬਚਨ ਸਿੰਘ ਨੇ ਕਿਹਾ ਕਿ ਕੇਂਦਰੀ ਸਿੰਘ ਸਭਾ ਪਿਛਲੇ 5 ਸਾਲਾਂ ਤੋਂ 15 ਅਗਸਤ ਨੂੰ ‘ਪਸ਼ਚਾਤਾਪ ਦਿਵਸ’ ਵਜੋਂ ਮਨਾਉਂਦੀ ਆ ਰਹੀ ਹੈ। ਇਸ ਸਾਲ ਵੀ 15 ਅਗਸਤ ਨੂੰ ਸਿੱਖ, ਹਿੰਦੂ ਅਤੇ ਮੁਸਲਮਾਨ ਇਕੱਠੇ ਹੋ ਕੇ ਵੰਡ ਦੌਰਾਨ ਮਾਰੇ ਗਏ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣਗੇ।