ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਨਵੰਬਰ
ਕੇਂਦਰ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਇਛੁੱਕ ਹੈ ਅਤੇ ਇਸ ਸਬੰਧ ਸ਼੍ਰੋਮਣੀ ਕਮੇਟੀ ਕੋਲੋਂ ਧਾਰਮਿਕ ਪੱਧਰ ’ਤੇ ਸਲਾਹ ਮੰਗੀ ਗਈ ਹੈ। ਇਸ ਸਬੰਧ ਵਿਚ ਕੇਂਦਰ ਦੇ ਸਭਿਆਚਾਰਕ ਵਿਭਾਗ ਦੇ ਸਕੱਤਰ ਗੋਵਿੰਦ ਮੋਹਨ ਨੇ ਇਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ ਹੈ।
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਕਰੋਨਾ ਕਾਰਨ ਪੱਛੜ ਕੇ ਕਰਵਾਏ ਜਾ ਰਹੇ ਹਨ। ਇਹ ਯਾਦਗਾਰ ਕਿਸ ਤਰ੍ਹਾਂ ਦੀ ਹੋਵੇ, ਗੁਰੂ ਸਾਹਿਬ ਦੇ ਜੀਵਨ , ਉਪਦੇਸ਼ ਅਤੇ ਕੁਰਬਾਨੀ ਨੂੰ ਕਿਵੇਂ ਰੂਪਮਾਨ ਕੀਤਾ ਜਾਵੇ, ਬਾਰੇ ਅੱਜ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਬੀਬੀ ਜਗੀਰ ਕੌਰ ਨਾਲ ਕੇਂਦਰੀ ਨੁਮਾਇੰਦੇ ਦੀ ਹੋਈ ਮੀਟਿੰਗ ਵਿਚ ਸਿੱਖ ਵਿਦਵਾਨ ਸਿਮਰਜੀਤ ਸਿੰਘ ਕੰਗ, ਇੰਦਰਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਸੁਖਬੀਰ ਸਿੰਘ, ਡਾ. ਜੋਗੇਸ਼ਵਰ ਸਿੰਘ ਸਮੇਤ ਐੱਸਡੀਐੱਮ ਮੌਜੂਦ ਸਨ। ਗੋਵਿੰਦ ਮੋਹਨ ਨੇ ਭਾਰਤ ਸਰਕਾਰ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉਲੀਕੀਆਂ ਯੋਜਨਾਵਾਂ ਤੋਂ ਬੀਬੀ ਜਗੀਰ ਕੌਰ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ, ਪ੍ਰਕਾਸ਼ ਪੁਰਬ ਸਬੰਧੀ ਜੋ ਵੀ ਸਮਾਗਮ ਕਰਨਾ ਚਾਹੁੰਦੀ ਹੈ ਜਾਂ ਯਾਦਗਾਰਾਂ ਬਣਾਉਣੀਆਂ ਚਾਹੁੰਦੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਸੁਝਾਅ ਅਨੁਸਾਰ ਹੀ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਭਾਰਤ ਦੇ ਸੱਭਿਆਚਾਰਕ ਵਿਭਾਗ ਦੇ ਸਕੱਤਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਉਲੀਕੇ ਹਰ ਤਰ੍ਹਾਂ ਦੇ ਸਮਾਗਮ ਵਿਚ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਇਕ ਕਮੇਟੀ ਸਥਾਪਤ ਕੀਤੀ ਜਾਵੇਗੀ, ਜੋ ਭਾਰਤ ਸਰਕਾਰ ਨਾਲ ਰਾਬਤਾ ਬਣਾਈ ਰੱਖੇਗੀ। ਬੀਬੀ ਜਗੀਰ ਕੌਰ ਨੇ ਕੇਂਦਰੀ ਨੁਮਾਇੰਦੇ ਕੋਲ ਆਨੰਦਪੁਰ ਵਿਖੇ ਬਣਾਏ ਗਏ ਵਿਰਾਸਤ-ਏ-ਖਾਲਸਾ ਯਾਦਗਾਰ ਦੀ ਤਰਜ ’ਤੇ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਤਜਵੀਜ਼ ਦਿੱਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੱਲੋਂ ਕੇਂਦਰ ਸਰਕਾਰ ਦੇ ਨੁਮਾਇੰਦੇ ਦਾ ਸਨਮਾਨ ਵੀ ਕੀਤਾ ਗਿਆ।