ਨਵੀਂ ਦਿੱਲੀ, 9 ਅਪਰੈਲ
ਕੇਂਦਰ ਸਰਕਾਰ ਨੇ ਫਰਟੀਲਾਈਜ਼ਰ ਕੰਪਨੀਆਂ ਨੂੰ ਡੀਏਪੀ ਖਾਦ ਜਿਹੇ ਬਿਨਾਂ ਯੂਰੀਆ ਵਾਲੇ ਫਰਟੀਲਾਈਜ਼ਰਾਂ ਦੇ ਭਾਅ ਵਧਾਉਣ ਤੋਂ ਵਰਜ ਦਿੱਤਾ ਹੈ। ਕੇਂਦਰ ਵੱਲੋਂ ਜਾਰੀ ਸੱਜਰੀਆਂ ਹਦਾਇਤਾਂ ’ਚ ਕੰਪਨੀਆਂ ਨੂੰ ਉਪਰੋਕਤ ਫਰਟੀਲਾਈਜ਼ਰ ਪੁਰਾਣੇ ਭਾਅ ’ਤੇ ਵੇਚਣ ਦੀ ਤਾਕੀਦ ਕੀਤੀ ਗਈ ਹੈ। ਆਲਮੀ ਬਾਜ਼ਾਰ ਵਿੱਚ ਵਾਧੇ ਮੁਤਾਬਕ ਗੈਰ-ਯੂਰੀਆ ਵਾਲੇ ਫ਼ਰਟੀਲਾਈਜ਼ਰਾਂ ਦੀ ਘਰੇਲੂ ਪ੍ਰਚੂਨ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਵੀਰਵਾਰ ਨੂੰ ਉੱਚ ਪੱਧਰੀ ਬੈਠਕ ਵਿੱਚ ਫਰਟੀਲਾਈਜ਼ਰ ਕੰਪਨੀਆਂ ਨੂੰ ਉਪਰੋਕਤ ਹੁਕਮ ਜਾਰੀ ਕੀਤਾ ਗਿਆ ਸੀ। ਰਸਾਇਣ ਤੇ ਫਰਟੀਲਾਈਜ਼ਰ ਬਾਰੇ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਭਾਰਤ ਸਰਕਾਰ ਨੇ ਇਕ ਉੱਚ ਪੱਧਰੀ ਮੀਟਿੰਗ ਸੱਦ ਕੇ ਫਰਟੀਲਾਈਜ਼ਰ ਕੰਪਨੀਆਂ ਨੂੰ ਡੀਏਪੀ, ਐੱਮਓਪੀ ਤੇ ਐੱਨਪੀਕੇ ਦੇ ਭਾਅ ਨਾ ਵਧਾਉਣ ਦੀ ਹਦਾਇਤ ਕੀਤੀ ਹੈ, ਤੇ ਕੰਪਨੀਆਂ ਨੇ ਇਸ ’ਤੇ ਸਹਿਮਤੀ ਵੀ ਦਿੱਤੀ ਹੈ।’ ਇਫਕੋ ਦੇ ਤਰਜਮਾਨ ਨੇ ਕਿਹਾ ਕਿ ਉਹ ਮਿਸ਼ਰਤ ਫਰਟੀਲਾਈਜ਼ਰ ਦੇ 11.26 ਲੱਖ ਟਨ ਦੇ ਪੁਰਾਣੇ ਸਟਾਕ ਨੂੰ 1200 ਰੁਪਏ ਪ੍ਰਤੀ ਬੋਰਾ ਦੇ ਪੁਰਾਣੇ ਭਾਅ ’ਤੇ ਹੀ ਵੇਚਣਗੇ। ਇਫਕੋ ਦੇ ਸੀਈਓ ਤੇ ਐੱਮਡੀ ਯੂ.ਐੱਸ.ਅਵਸਥੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਕਿਸਾਨਾਂ ਨੂੰ ਪਹਿਲੀ ਤਰਜੀਹ ਦੇ ਕੇ ਫੈਸਲੇ ਲਏ ਹਨ। -ਪੀਟੀਆਈ