ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਅਕਤੂਬਰ
ਕੇਂਦਰੀ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ ਨੈਸ਼ਨਲ ਅਚੀਵਮੈਂਟ ਸਰਵੇਖਣ ਕਰਵਾਇਆ ਜਾਵੇਗਾ। ਇਹ ਪ੍ਰੀਖਿਆ ਦੇਸ਼ ਭਰ ਦੇ ਸਕੂਲਾਂ ’ਚ 12 ਨਵੰਬਰ ਨੂੰ ਹੋਵੇਗੀ। ਇਸ ਪ੍ਰੀਖਿਆ ਦੇ ਆਧਾਰ ’ਤੇ ਦੇਸ਼ ਭਰ ਦੇ ਸਕੂਲਾਂ ਦੀ ਰੈਂਕਿੰਗ ਕੀਤੀ ਜਾਵੇਗੀ। ਐੱਨਸੀਈਆਰਟੀ ਵੱਲੋਂ ਕਰਵਾਈ ਜਾ ਰਹੀ ਇਹ ਪ੍ਰੀਖਿਆ ਦੇਸ਼ ਭਰ ਦੇ 1,23,729 ਸਕੂਲਾਂ ਦੇ 38,87,759 ਵਿਦਿਆਰਥੀ ਦੇਣਗੇ, ਜਦਕਿ ਇਸ ਦੀ ਰਿਪੋਰਟ ਸੀਬੀਐੱਸਈ ਵੱਲੋਂ ਤਿਆਰ ਕੀਤੀ ਜਾਵੇਗੀ। ਪ੍ਰੀਖਿਆ ਲਈ ਪੰਜਾਬ ਤੇ 3722, ਹਰਿਆਣਾ ਦੇ 3230 ਤੇ ਚੰਡੀਗੜ੍ਹ ਦੇ 106 ਸਕੂਲਾਂ ਦੀ ਚੋਣ ਕੀਤੀ ਗਈ ਹੈ।
ਐੱਨਸੀਈਆਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਆਧਾਰ ’ਤੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਮੁਖੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਵੇਗੀ। ਇਨ੍ਹਾਂ ਵਿਦਿਆਰਥੀਆਂ ਦੀ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਦੀ ਪ੍ਰੀਖਿਆ ਇਕੋ ਦਿਨ ਜਾਵੇਗੀ।
ਇਸ ਪ੍ਰੀਖਿਆ ਦੇ ਅਧਾਰ ’ਤੇ ਵਿਦਿਆਰਥੀਆਂ ਦੀਆਂ ਖਾਮੀਆਂ ਨੂੰ ਜਾਂਚਿਆ ਜਾਵੇਗਾ।
ਨਤੀਜਿਆਂ ਦੇ ਹਿਸਾਬ ਨਾਲ ਬਣਨਗੀਆਂ ਯੋਜਨਾਵਾਂ
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਲਈ ਜਾਵੇਗੀ ਤੇ ਨਤੀਜਿਆਂ ਦੇ ਹਿਸਾਬ ਨਾਲ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸ ਪ੍ਰੀਖਿਆ ਤੋਂ ਬਾਅਦ ਕੇਂਦਰ ਵੱਲੋਂ ਹਰ ਰਾਜ ਵਿੱਚੋਂ ਕੁਝ ਸਕੂਲਾਂ ਦੀ ਚੋਣ ਕਰਕੇ ਨਤੀਜਿਆਂ ਦੀ ਵੱਖਰੀ ਸਮੀਖਿਆ ਕਰਕੇ ਉਸ ਰਾਜ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਐੱਸਸੀਈਆਰਟੀ ਦੇ ਡਾਇਰੈਕਟਰ ਨੇ ਦੱਸਿਆ ਕਿ ਕੌਮੀ ਪ੍ਰੀਖਿਆ ਲਈ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀਆਂ ਤਿਆਰੀਆਂ ਕਰਵਾਉਣ ਲਈ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਮਾੜੇ ਨਤੀਜਿਆਂ ਵਾਲੇ ਸਕੂਲ ਮੁਖੀਆਂ ਤੋਂ ਜਵਾਬ ਮੰਗਿਆ ਜਾਵੇਗਾ।
ਗੁੰਝਲਦਾਰ ਸਵਾਲਾਂ ਜ਼ਰੀਏ ਹੋਵੇਗਾ ਮੁਲਾਂਕਣ
ਇਸ ਪ੍ਰੀਖਿਆ ਵਿੱਚ ਜ਼ਿਆਦਾਤਰ ਸਵਾਲ ਸਿਲੇਬਸ ਆਧਾਰਿਤ ਪੁੱਛੇ ਜਾਣਗੇ ਪਰ ਸਵਾਲਾਂ ਨੂੰ ਸਿੱਧੇ ਨਾ ਪੁੱਛ ਕੇ ਗੁੰਝਲਦਾਰ ਤਰੀਕੇ ਜ਼ਰੀਏ ਪੁੱਛਿਆ ਜਾਵੇਗਾ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਵੇਲੇ ਵਿਦਿਆਰਥੀਆਂ ਕੋਲੋਂ ਹਾਸਲ ਕੀਤੀ ਸਿੱਖਿਆ ਤੇ ਸਾਧਨਾਂ ਬਾਰੇ ਵੀ ਸਵਾਲ ਪੁੱਛੇ ਜਾਣਗੇ। ਵਿਦਿਆਰਥੀਆਂ ਨੂੰ ਸਟੂਡੈਂਟਸ ਕੁਐਸਚਨੇਅਰ, ਟੀਚਰਜ਼ ਕੁਐਸਚਨੇਅਰ ਤੇ ਪੀਪਲਜ਼ ਕੁਐਸਚਨੇਅਰ ਸਬੰਧੀ ਸਵਾਲ ਪੁੱਛੇ ਜਾਣਗੇ।