ਨਿੱਜੀ ਪੱਤਰ ਪਰਕ
ਫ਼ਿਰੋਜ਼ਪੁਰ, 25 ਅਗਸਤ
ਪੰਜਾਬ ਦੇ ਦੋ ਜ਼ਿਲ੍ਹੇ ਫ਼ਿਰੋਜ਼ਪੁਰ ਤੇ ਮੋਗਾ ਕੇਂਦਰ ਸਰਕਾਰ ਵੱਲੋਂ ‘ਐਸਪੀਰੇਸ਼ਨਲ ਜ਼ਿਲ੍ਹੇ’ ਐਲਾਨੇ ਗਏ ਹਨ। ਐਸਪੀਰੇਸ਼ਨਲ ਜ਼ਿਲ੍ਹੇ ਉਹ ਜ਼ਿਲ੍ਹੇ ਹਨ, ਜਿਨ੍ਹਾਂ ਦੇ ਬੁਨਿਆਦੀ ਮਾਪਦੰਡ ਜਿਵੇਂ ਕਿ ਸਿੱਖਿਆ, ਸਿਹਤ, ਸੰਤੁਲਿਤ ਆਹਾਰ, ਵਿੱਤੀ ਸਮਾਵੇਸ਼, ਹੁਨਰ ਵਿਕਾਸ, ਖੇਤੀਬਾੜੀ, ਜਲ ਸਰੋਤ ਅਤੇ ਬੁਨਿਆਦੀ ਢਾਂਚਾ ਕੌਮੀ ਔਸਤ ਤੋਂ ਘੱਟ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਨੀਤੀ ਆਯੋਗ ਪੰਜਾਬ ਦੇ ਫ਼ਿਰੋਜ਼ਪੁਰ ਤੇ ਮੋਗਾ ਜ਼ਿਲ੍ਹੇ ਵਿੱਚ 2.74 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 183 ਸਰਕਾਰੀ ਸਕੂਲਾਂ ਵਿੱਚ ਆਫ਼-ਗਰਿੱਡ ਸੋਲਰ ਪੈਨਲ ਸਿਸਟਮ ਲਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਚਾਰ ਸਰਕਾਰੀ ਸਕੂਲਾਂ ਵਿਚ ਸੋਲਰ ਪਾਵਰ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਫ਼ਿਰੋਜ਼ਪੁਰ ਸ਼ਹਿਰ ਤੋਂ ਇਲਾਵਾ ਫ਼ਿਰੋਜ਼ਸ਼ਾਹ, ਕੜਮਾ ਅਤੇ ਬਹਿਕ ਗੁੱਜਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਲ ਹਨ। ਬਾਕੀ 179 ਸਕੂਲਾਂ ਵਿੱਚ ਇਹ ਤਿੰਨ ਮਹੀਨਿਆਂ ਦੇ ਅੰਦਰ ਕਾਰਜਸ਼ੀਲ ਹੋ ਜਾਣਗੇ।