ਪਾਲ ਸਿੰਘ ਨੌਲੀ
ਜਲੰਧਰ, 19 ਫਰਵਰੀ
ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪ੍ਰਵਾਨਗੀ ਨਾ ਦੇਣ ਦਾ ਮਾਮਲਾ ਅਜੇ ਠੰਢਾ ਹੀ ਨਹੀਂ ਸੀ ਪਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਾਣ ਵਾਲੀ ‘ਬੇਗ਼ਮਪੁਰਾ ਐਕਸਪ੍ਰੈੱਸ’ ਨੂੰ ਵੀ ਕਰੋਨਾ ਦੇ ਬਹਾਨੇ ਰੋਕ ਦਿੱਤਾ ਗਿਆ ਹੈ। ਡੇਰਾ ਸੱਚਖੰਡ ਬੱਲਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਦੇ ਦਰਸ਼ਨਾਂ ਲਈ ਭੇਜੀ ਜਾਂਦੀ ‘ਬੇਗ਼ਮਪੁਰਾ ਐਕਸਪ੍ਰੈੱਸ’ ਨੂੰ ਕੇਂਦਰ ਸਰਕਾਰ ਨੇ ਇਸ ਸਾਲ ਵੀ ਮਨਜ਼ੂਰੀ ਨਹੀਂ ਦਿੱਤੀ। ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੁੰਭ ’ਤੇ ਲੱਖਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਣਗੇ ਉਦੋਂ ਕਰੋਨਾ ਨਹੀਂ ਫੈਲੇਗਾ? ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਜਲੰਧਰ ਤੋਂ ਕਾਸ਼ੀ ਜਾਣ ਵਾਲੀ ਸਪੈਸ਼ਲ ਰੇਲ ਗੱਡੀ ਨੂੰ ਕਰੋਨਾ ਦੇ ਚੱਲਦਿਆਂ ਮਨਜ਼ੂਰੀ ਨਹੀਂ ਦਿੱਤੀ। ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 27 ਫਰਵਰੀ ਨੂੰ ਆ ਰਿਹਾ ਹੈ। ਹਰ ਸਾਲ ਜਲੰਧਰ ਤੋਂ ਵੱਡੀ ਗਿਣਤੀ ’ਚ ਸੰਗਤ ‘ਬੇਗ਼ਮਪੁਰਾ ਐਕਸਪ੍ਰੈੱੱਸ’ ਰਾਹੀਂ ਕਾਸ਼ੀ ਜਾਂਦੀਆਂ ਹਨ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਰੰਜਣ ਦਾਸ ਦੀ ਅਗਵਾਈ ਹੇਠ ‘ਬੇਗ਼ਮਪੁਰਾ ਐਕਸਪ੍ਰੈੱੱਸ’ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਕਾਸ਼ੀ ਜਾ ਰਹੀ ਹੈ। ਡੇਰਾ ਸੱਚਖੰਡ ਬੱਲਾਂ ਦੇ ਟਰੱਸਟੀ ਸਤਪਾਲ ਵਿਰਦੀ ਨੇ ਦੱਸਿਆ ਕਿ ਕਰੋਨਾ ਤੋਂ ਪਹਿਲਾਂ ਪੰਜਾਬ ਵਿਚੋਂ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਹਜ਼ਾਰ ਹੋ ਜਾਂਦੀ ਸੀ ਤੇ ਪੰਜਾਬ ਵਿਚੋਂ ਹਫ਼ਤੇ ਵਿਚ ਹੀ 20 ਦੇ ਕਰੀਬ ਰੇਲ ਗੱਡੀਆਂ ਬਨਾਰਸ ਨੂੰ ਜਾਂਦੀਆਂ ਸਨ। ਸ੍ਰੀ ਵਿਰਦੀ ਨੇ ਕਿਹਾ ਕਿ ਸੰਤ ਨਰੰਜਣ ਦਾਸ 21 ਫਰਵਰੀ ਨੂੰ ਹਵਾਈ ਜਹਾਜ਼ ਰਾਹੀਂ ਬਨਾਰਸ ਰਵਾਨਾ ਹੋਣਗੇ।