ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਦਸੰਬਰ
ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਦਿੱਲੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਅੰਮ੍ਰਿਤਸਰ ਪੁੱਜੇ ਨਿਹੰਗ ਜਥੇਬੰਦੀਆਂ, ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਸ਼ੁਕਰਾਨੇ ਵਜੋਂ ਦਰਬਾਰ ਸਾਹਿਬ ਮੱਥਾ ਟੇਕਿਆ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਾਲਕੀ ਵਿਚ ਸੁਸ਼ੋਭਿਤ ਕਰ ਕੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਰੂਪੀ ਫ਼ਤਹਿ ਮਾਰਚ ਅੱਜ ਸ਼ਾਮ ਦਰਬਾਰ ਸਾਹਿਬ ਪੁੱਜਿਆ, ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਪ੍ਰਵੇਸ਼ ਦੁਆਰ ਪਲਾਜ਼ਾ ’ਤੇ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਦਲ ਖਾਲਸਾ ਦੇ ਕੰਵਰਪਾਲ ਸਿੰਘ ਤੇ ਹੋਰਨਾਂ ਨੇ ਇਨ੍ਹਾਂ ਨੂੰ ਜੀ ਆਇਆਂ ਆਖਿਆ। ਪਾਵਨ ਸਰੂਪ ਨੂੰ ਅਕਾਲ ਤਖਤ ਵਿਖੇ ਸੁੱਖ ਆਸਣ ਅਸਥਾਨ ’ਤੇ ਲਿਜਾਇਆ ਗਿਆ। ਨਗਰ ਕੀਰਤਨ ਨਾਲ ਦਿੱਲੀ ਤੋਂ ਆਏ ਨਿਹੰਗ ਜਥੇਬੰਦੀਆਂ ਵਿਚ ਬਾਬਾ ਰਾਜਾ ਰਾਜ ਸਿੰਘ, ਬੁੱਢਾ ਦਲ ਦੇ ਬਾਬਾ ਮਾਨ ਸਿੰਘ, ਮਾਨ ਦਲ ਦੇ ਜਸਕਰਨ ਸਿੰਘ ਕਾਹਨਸਿੰਘ ਵਾਲਾ, ਜੁਗਰਾਜ ਸਿੰਘ ਤੇ ਹੋਰ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ ਰਾਹ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਸੁਰਜੀਤ ਸਿੰਘ ਫੂਲ, ਮਨਧੀਰ ਸਿੰਘ ਨਵਾਂਸ਼ਹਿਰ, ਹਰਦੀਪ ਸਿੰਘ ਡਬਿਡਬਿਾ, ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਦੀਪ ਸਿੱਧੂ, ਬਾਬਾ ਕੁਲਵਿੰਦਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਗੁਰਜੰਟ ਸਿੰਘ ਸਮੇਤ ਹੋਰ ਸ਼ਖਸੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀ ਫ਼ਤਹਿਯਾਬੀ ਵਿਚ ਕਿਸਾਨਾਂ, ਬੀਬੀਆਂ ਤੇ ਨੌਜਵਾਨਾਂ ਸਮੇਤ ਹਰ ਵਰਗ ਦਾ ਸਹਿਯੋਗ ਰਿਹਾ।