ਪਾਲ ਸਿੰਘ ਨੌਲੀ
ਜਲੰਧਰ, 28 ਜਨਵਰੀ
ਦਿੱਲੀ ਦੇ ਲਾਲ ਕਿਲੇ ’ਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਕਿਸਾਨੀ ਅੰਦੋਲਨ ਨੂੰ ਉਭਾਰਨ ਲਈ ਯਤਨਸ਼ੀਲ ਕਿਸਾਨਾਂ ਨੇ ਬੜੇ ਭਰੋਸੇ ਨਾਲ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਕਿਸੇ ਤਰ੍ਹਾਂ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।
ਕੰਢੀ ਕਿਸਾਨ ਸੰਘਰਸ਼ ਕਮੇਟੀ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਅੱਜ ਹੀ 500 ਦੇ ਕਰੀਬ ਟਰੈਕਟਰ ਸਿੰਘੂ ਹੱਦ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਕੰਢੀ ਇਲਾਕੇ ਦੇ ਪਿੰਡਾਂ ਵਿੱਚ ਜਾਣਗੇ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਲਾਮਬੰਦੀ ਕਰਕੇ ਹਫ਼ਤੇ ਦੇ ਅੰਦਰ ਹੀ ਸਿੰਘੂ ਪਰਤ ਜਾਣਗੇ। ਆਗੂਆਂ ਨੇ ਦੋਸ਼ ਲਾਇਆ ਕਿ ਦਿੱਲੀ ਘਟਨਾਕ੍ਰਮ ਲਈ ਜ਼ਿੰਮੇਵਾਰ ਦੀਪ ਸਿੱਧੂ ਹੁਣ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਉਲ ਦੀ ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਵਿੱਚ ਲੁਕ ਗਿਆ ਅਤੇ ਮੋਦੀ ਸਰਕਾਰ ਉਸ ਨੂੰ ਬਚਾਉਣ ਲਈ ਸਾਰਾ ਜ਼ੋਰ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜੇ ਨੀਤੀ ਤੇ ਨੀਅਤ ਸਾਫ਼ ਹੋਵੇ ਤਾਂ ਜਦੋਂ ਮਰਜ਼ੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਨੌਜਵਾਨ ਕਿਸਾਨ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਿੱਲੀ ਪਹੁੰਚ ਕੇ ਜਥੇਬੰਦੀਆਂ ਦੇ ਸੱਦੇ ਨਾਲੋਂ ਵੱਧ ਹੁੰਗਾਰਾ ਭਰਿਆ ਸੀ ਪਰ ਸਹੀ ਢੰਗ ਨਾਲ ਰੂਟ ਨਾ ਸਮਝਾ ਸਕਣ ਕਾਰਨ ਇਹ ਸਾਰਾ ਕੁਝ ਵਾਪਰਿਆ। ਪਿੰਡ ਨੌਲੀ ਦੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਤੋਂ 11 ਟਰੈਕਟਰ ਟਰਾਲੀਆਂ ਤੇ ਗੱਡੀਆਂ ਗਈਆਂ ਸਨ ਅਤੇ ਅੱਜ ਹੀ ਵਾਪਸ ਆਏ ਹਨ। ਭਾਜਪਾ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਅਗਲੇ ਹਫ਼ਤੇ ਉਹ ਹੋਰ ਬੰਦਿਆਂ ਨੂੰ ਦਿੱਲੀ ਭੇਜਣਗੇ।
ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੱਛਿਆਣਾ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਨੇ ਦੱਸਿਆ ਕਿ ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਪਰੇਡ ਵਿੱਚ ਪੰਜਾਬ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਗਏ ਸਨ ਜਿਹੜਾ ਕਿ ਹੁਣ ਤਕ ਦੇ ਅੰਦੋਲਨਾਂ ਦਾ ਇੱਕ ਰਿਕਾਰਡ ਹੈ। ਉਹੀ ਕਿਸਾਨ ਵੱਡੀ ਗਿਣਤੀ ਵਿੱਚ ਹੀ ਵਾਪਸ ਆ ਰਹੇ ਹਨ। ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਨੇ ਦੱਸਿਆ ਕੇਂਦਰ ਸਰਕਾਰ ਵੱਡੀ ਸਾਜ਼ਿਸ਼ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਸੀ, ਜਿਸ ਵਿੱਚ ਉਹ ਫੇਲ੍ਹ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਹ 27 ਜਨਵਰੀ ਨੂੰ ਵਾਪਸ ਆਏ ਸਨ ਅਤੇ ਦੋ ਦਿਨਾਂ ਮਗਰੋਂ ਫਿਰ ਕਿਸਾਨਾਂ ਨੂੰ ਨਾਲ ਲੈ ਕੇ ਸਿੰਘੂ ਬਾਰਡਰ ’ਤੇ ਜਾ ਰਹੇ ਸਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਸ਼ਿਲੰਦਰ ਸਿੰਘ ਨੇ ਦੱਸਿਆ ਕਿ ਉਹ 27 ਜਨਵਰੀ ਨੂੰ ਵਾਪਸ ਆ ਗਏ ਸਨ ਤੇ ਦੋ-ਤਿੰਨ ਗੱਡੀਆਂ ਵਿੱਚ 15 ਕਿਸਾਨ ਅੱਜ ਵਾਪਸ ਚਲੇ ਗਏ ਹਨ ਤੇ ਉਹ ਆਪ ਵੀ 29 ਨੂੰ ਵਾਪਸ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਹੁਣ ਸਿੰਘੂ ਬਾਰਡਰ ਵਾਲਾ ਪੰਡਾਲ ਪਹਿਲਾਂ ਵਾਂਗ ਭਰਨ ਲੱਗ ਪਿਆ ਹੈ।