ਨਿੱਜੀ ਪੱਤਰ ਪ੍ਰੇਰਕ
ਮੋਗਾ 29 ਅਗਸਤ
ਇਥੇ ਮੋਗਾ-ਕੋਟ ਈਸੇ ਖਾਂ-ਮਖੂ ਮਾਰਗ ’ਤੇ ਥਾਣਾ ਫ਼ਤਹਿਗੜ੍ਹ ਪੰਜਤੂਰ ਅਧੀਨ ਪਿੰਡ ਕੜਾਹੇਵਾਲਾ ਵਿੱਚ ਨਾਕੇ ’ਤੇ ਖੜ੍ਹੇ ਏਐੱਸਆਈ ’ਤੇ ਇੱਕ ਕਾਰ ਚਾਲਕ ਨੇ ਕਾਰ ਚੜ੍ਹਾ ਦਿੱਤੀ। ਕਾਰ ਚਾਲਕ ਏਐੱਸਆਈ ਨੂੰ ਅੱਧਾ ਕਿਲੋਮੀਟਰ ਤੱਕ ਘੜੀਸਦਾ ਹੋਇਆ ਫ਼ਰਾਰ ਹੋ ਗਿਆ। ਇਸ ਮਗਰੋਂ ਏਐੱਸਆਈ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਕੜਾਹੇਵਾਲਾ ਵਿੱਚ ਪੁਲੀਸ ਦਾ ਪੱਕਾ ਨਾਕਾ ਲੱਗਾ ਹੁੰਦਾ ਹੈ। ਅੱਜ ਸ਼ਾਮ ਨੂੰ ਮਖੂ ਵਾਲੇ ਪਾਸਿਓਂ ਆ ਰਹੀ ਸਵਿਫ਼ਟ ਕਾਰ ਨੂੰ ਨਾਕੇ ’ਤੇ ਤਾਇਨਾਤ ਏਐੱਸਆਈ ਸ੍ਰੀ ਰਾਮ ਨੇ ਰੁਕਣ ਲਈ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਕਾਰ ਏਐੱਸਆਈ ’ਤੇ ਚੜ੍ਹਾਉਣ ਪਿੱਛੋਂ ਭਜਾ ਲਈ। ਉਹ ਉਸ ਨੂੰ ਅੱਧਾ ਕਿਲੋਮੀਟਰ ਘੜੀਸਦਾ ਗਿਆ। ਮਗਰੋਂ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ।
ਪੁਲੀਸ ਮੁਲਾਜ਼ਮ ਦੀ ਵਰਦੀ ਪਾੜੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਜਮਾਲਪੁਰ ਦੇ ਇਲਾਕੇ ਵਰਧਮਾਨ ਐਨਕਲੇਵ ’ਚ ਪੁਲੀਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਵਰਧਮਾਨ ਐਨਕਲੇਵ ਰਹਿੰਦੀ ਕੁਲਦੀਪ ਕੌਰ ਪਤਨੀ ਕਰਮਜੀਤ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਕੁਝ ਲੋਕ ਉਸ ਦੇ ਮਕਾਨ ’ਤੇ ਕਬਜ਼ਾ ਕਰਨ ਲਈ ਆਏ ਹਨ। ਸੂਚਨਾ ਮਿਲਣ ’ਤੇ ਅਧਿਕਾਰੀ ਸਵਰਨ ਚੰਦ ਹੋਰ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਤਾਂ ਕਰਮਜੀਤ ਸਿੰਘ ਨੇ ਤਿੱਖੀ ਚੀਜ਼ ਨਾਲ ਸਵਰਨ ਚੰਦ ’ਤੇ ਵਾਰ ਕੀਤਾ ਜਦਕਿ ਉਸ ਦੇ ਭਰਾ ਜ਼ੋਰਾ ਸਿੰਘ ਨੇ ਉਸ ਦੀ ਵਰਦੀ ਪਾੜ ਦਿੱਤੀ। ਪੁਲੀਸ ਨੇ ਕਰਮਜੀਤ ਸਿੰਘ, ਉਸ ਦੇ ਭਰਾ ਜ਼ੋਰਾ ਸਿੰਘ ਤੇ ਮਾਤਾ ਸੁਰਜੀਤ ਕੌਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ।