ਸਰਬਜੀਤ ਭੰਗੂ
ਪਟਿਆਲਾ, 3 ਜਨਵਰੀ
ਇੱਥੇ ਸੰਗਰੂਰ ਰੋਡ ’ਤੇ ਸਥਿਤ ਪਸਿਆਣਾ ਵਾਲੇ ਪੁਲਾਂ ਨੇੜੇ ਬੀਤੀ ਅੱਧੀ ਰਾਤ ਨੂੰ ਇੱਕ ਸਵਿਫਟ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਅ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਬਾਕੀ ਤਿੰਨਾਂ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਨਾਲ ਸਬੰਧਿਤ ਇਹ ਪਰਿਵਾਰ ਮਨਸਾ ਦੇਵੀ ਵਿਖੇ ਮੱਥਾ ਟੇਕਣ ਮਗਰੋਂ ਵਾਪਸ ਪਰਤ ਰਿਹਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲੀਸ ਨੇ ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਬਾਹਰ ਕੱਢੀ। ਕਾਰ ਵਿੱਚੋਂ ਹੀ ਦੋਵੇਂ ਲਾਸ਼ਾਂ ਮਿਲੀਆਂ ਹਨ। ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਰਾਮਪੁਰਾ ਫੂਲ ਵਾਸੀ ਜਸਵਿੰਦਰ ਗਰਗ, ਉਸ ਦੀ ਪਤਨੀ ਨੀਲਮ ਰਾਣੀ, ਦੋ ਧੀਆਂ ਸ਼ਿਖਾ ਤੇ ਨੀਲਮ ਰਾਣੀ ਅਤੇ ਇੱਕ ਪੁੱਤਰ ਪੀਰੂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਲਾਸ਼ਾਂ ਵਿੱਚੋਂ ਇੱਕ ਨੀਲਮ ਰਾਣੀ ਤੇ ਦੂਜੀ ਸ਼ਿਖਾ ਦੀ ਹੈ।