ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 8 ਜੁਲਾਈ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਸਬੰਧੀ ਸਿੱਖਿਆ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਚਾਨਕ ਧਰਨੇ ਵਿੱਚ ਪਹੁੰਚ ਗਏ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਕੈਪਟਨ ਸੰਦੀਪ ਸੰਧੂ ਨੇ ਭਰੋਸਾ ਦਿੱਤਾ ਕਿ ਅਧਿਆਪਕ ਮੰਗਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੇਸ ਤਿਆਰ ਕਰਕੇ ਆਗਾਮੀ ਬੁੱਧਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਿਨ੍ਹਾਂ ਅਧਿਆਪਕਾਂ ਦਾ ਡਿਪਲੋਮਾ ਨਹੀਂ ਕੀਤਾ ਹੋਇਆ ਹੈ, ਉਨ੍ਹਾਂ ਦਾ ਵੀ ਢੁੱਕਵਾਂ ਹੱਲ ਕੱਢਿਆ ਜਾਵੇਗਾ ਅਤੇ ਇੱਕ-ਇੱਕ ਅਧਿਆਪਕ ਨੂੰ ਪੱਕੀ ਪੋਸਟ ’ਤੇ ਲਾਇਆ ਜਾਵੇਗਾ। ਇਸ ਮੌਕੇ ਮੌਜੂਦ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸਮੇਤ ਹੋਰ ਆਗੂਆਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇਨਸਾਫ਼ ਲਈ ਰੋਸ ਮਾਰਚ
ਐੱਸਏਐੱਸ ਨਗਰ (ਮੁਹਾਲੀ): ਰਿਵਾਈਜ਼ਡ ਟੈੱਟ-2011 ਦੇ ਬੇਰੁਜ਼ਗਾਰ ਅਧਿਆਪਕਾਂ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪ੍ਰਧਾਨ ਇੰਦਰਪਾਲ ਕੌਰ ਦੀ ਅਗਵਾਈ ਹੇਠ ਅੱਜ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਤੱਕ ਰੋਸ ਮਾਰਚ ਕਰਕੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਹ ਬੀਤੀ 17 ਜੂਨ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ। ਬੇਰੁਜ਼ਗਾਰ ਅਧਿਆਪਕਾ ਅਮਰਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ, ਮਨਪ੍ਰੀਤ ਸਿੰਘ ਅਤੇ ਫਕੀਰ ਸਿੰਘ ਟਿੱਬਾ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਹੁਣ ਤੱਕ ਸਿੱਖਿਆ ਵਿਭਾਗ ਨੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਬਾਂਹ ਨਹੀਂ ਫੜੀ।
ਸਿੱਖਿਆ ਭਵਨ ਦੀ ਛੱਤ ’ਤੇ ਡਟੇ ਕੱਚੇ ਅਧਿਆਪਕਾਂ ਦੀ ਸਿਹਤ ਵਿਗੜੀ
ਅਤਿ ਗਰਮੀ ਵਿੱਚ ਕੱਚੇ ਅਧਿਆਪਕ ਸਤਿੰਦਰ ਸਿੰਘ ਕੰਗ ਤਰਨ ਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ, ਰਾਜਾ ਔਲਖ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ। ਇਨ੍ਹਾਂ ’ਚੋਂ ਰਾਜਾ ਔਲਖ, ਬੇਅੰਤ ਸਿੰਘ ਪਟਿਆਲਾ, ਕੁਲਵਿੰਦਰ ਸਿੰਘ ਨਾੜੂ ਦੀ ਧੁੱਪ ਕਾਰਨ ਸਿਹਤ ਵਿਗੜ ਗਈ ਹੈ। ਇਨ੍ਹਾਂ ਅਧਿਆਪਕਾਂ ਨੂੰ ਸਿਰ ਦਰਦ ਅਤੇ ਬੁਖ਼ਾਰ ਦੀ ਸ਼ਿਕਾਇਤ ਹੈ। ਅੱਜ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਸੰਗਰੂਰ ਦੇ ਪ੍ਰਧਾਨ ਦੇਵੀ ਦਿਆਲਨ ਦੀ ਅਗਵਾਈ ਹੇਠ ਵੱਡੇ ਜਥੇ ਨੇ ਧਰਨੇ ’ਚ ਪੁੱਜ ਕੇ ਸੰਘਰਸ਼ ਦੀ ਹਮਾਇਤ ਕੀਤੀ।