ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਸਨੌਰ/ਬਨੂੜ, 10 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਵੱਲੋਂ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਉਸ ਸਮੇਂ ਤਕ ਸਿਆਸਤ ਤੋਂ ਸੇਵਾ-ਮੁਕਤ ਨਹੀਂ ਹੋਣਗੇ ਜਦੋਂ ਤਕ ਉਹ ਪੰਜਾਬ ਨੂੰ ਅਜਿਹੇ ‘ਭ੍ਰਿਸ਼ਟ’ ਲੋਕਾਂ ਤੋਂ ਮੁਕਤ ਨਹੀਂ ਕਰਵਾ ਲੈਂਦੇ। ਉਹ ਵੀਰਵਾਰ ਨੂੰ ਸਨੌਰ ਤੇ ਬਨੂੜ ਵਿੱਚ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਈਡੀ ਨੇ ਚੰਨੀ ਦੇ ਭਰਾ ਤੋਂ ਮਾਫੀਆ ਤੋਂ ਕਮਾਏ 10 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਚੰਨੀ ਖੁਦ ਨੂੰ ਗਰੀਬ ਆਮ ਆਦਮੀ ਕਿਵੇਂ ਕਹਿ ਸਕਦਾ ਹੈ। ਕੈਪਟਨ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੇ ਪਟਿਆਲਾ ਦੇ ਮੰਦਰ ਵਿੱਚ ਹਾਲ ਹੀ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਿਆ।